Washington Post report ਮਾਮਲਾ: ਪੂਰੀ ਜਾਂਚ-ਪੜਤਾਲ ਮਗਰੋਂ ਅਡਾਨੀ ਦੀਆਂ ਕੰਪਨੀਆਂ ’ਚ ਆਜ਼ਾਦਾਨਾ ਤੌਰ ’ਤੇ ਨਿਵੇਸ਼ ਕੀਤਾ: LIC
ਭਾਰਤੀ ਜੀਵਨ ਬੀਮਾ ਨਿਗਮ (LIC/ਐੱਲ ਆਈ ਸੀ) ਨੇ ਅੱਜ ਕਿਹਾ ਕਿ ਉਸ ਨੇ ਆਜ਼ਾਦਾਨਾ ਤੌਰ ’ਤੇ ਅਤੇ ਤਫ਼ਸੀਲ ਵਿੱਚ ਜਾਂਚ-ਪੜਤਾਲ ਕਰਨ ਮਗਰੋਂ ਹੀ ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ। ਕੰਪਨੀ ਨੇ ਕਿਹਾ ਕਿ ਅਜਿਹਾ ਇਹ ਨਿਰਦੇਸ਼ਕ ਮੰਡਲ ਦੁਆਰਾ ਪ੍ਰਵਾਨਿਤ ਨੀਤੀਆਂ ਮੁਤਾਬਕ ਕੀਤਾ ਗਿਆ ਹੈ।
ਬੀਮਾ ਕੰਪਨੀ ਨੇ ਇਹ ਬਿਆਨ ਅਮਰੀਕੀ ਅਖਬਾਰ ‘ਦਿ ਵਾਸ਼ਿੰਗਟਨ ਪੋਸਟ’ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਜਵਾਬ ਵਿੱਚ ਦਿੱਤਾ ਹੈ। ਰਿਪੋਰਟ ’ਚ ਦੋਸ਼ ਲਾਇਆ ਗਿਆ ਸੀ ਐੱਲ ਆਈ ਸੀ ਨੂੰ ਸਰਕਾਰੀ ਅਧਿਕਾਰੀਆਂ ਨੇ ਇਸ ਸਾਲ ਅਡਾਨੀ ਗਰੁੱਪ ਵਿੱਚ ਨਿਵੇਸ਼ ਕਰਨ ਲਈ ਪ੍ਰਭਾਵਿਤ ਕੀਤਾ ਸੀ। ਜਦਕਿ ਉਸ ਸਮੇਂ ਅਡਾਨੀ ਗਰੁੱਪ ਬਹੁਤ ਜ਼ਿਆਦਾ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਤੇ ਅਮਰੀਕਾ ਵਿੱਚ ਜਾਂਚ ਦਾ ਸਾਹਮਣਾ ਕਰ ਰਿਹਾ ਸੀ।’’
LIC ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ਉੱਤੇ ਜਾਰੀ ਬਿਆਨ ਵਿੱਚ ਕਿਹਾ, ‘‘ਕੇਂਦਰੀ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਜਾਂ ਕਿਸੇ ਹੋਰ ਸੰਸਥਾ ਦੀ ਅਜਿਹੇ (ਨਿਵੇਸ਼) ਫੈਸਲਿਆਂ ਵਿੱਚ ਕੋਈ ਭੂਮਿਕਾ ਨਹੀਂ ਹੈ।’’
ਐੱਲ ਆਈ ਸੀ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਨੇ ਪਿਛਲੇ ਕੁਝ ਸਾਲਾਂ ਵਿੱਚ ਕੰਪਨੀਆਂ ਦੇ ਬੁਨਿਆਦੀ ਅੰਕੜਿਆਂ ਦੀ ਵਿਸਥਾਰ ’ਚ ਜਾਂਚ ਦੇ ਅਧਾਰ ’ਤੇ ਵੱਖ-ਵੱਖ ਕੰਪਨੀਆਂ ਵਿੱਚ ਨਿਵੇਸ਼ ਦੇ ਫੈਸਲੇ ਲਏ ਹਨ। ਭਾਰਤ ਦੀਆਂ ਸਿਖਰਲੀਆਂ 500 ਕੰਪਨੀਆਂ ਵਿੱਚ ਇਸ ਦਾ ਨਿਵੇਸ਼ ਮੁੱਲ 2014 ਤੋਂ 10 ਗੁਣਾ ਵਧ ਕੇ 1.56 ਲੱਖ ਕਰੋੜ ਰੁਪਏ ਤੋਂ 15.6 ਲੱਖ ਕਰੋੜ ਰੁਪਏ ਹੋ ਗਿਆ ਹੈ, ਜੋ ਕਿ ਮਜ਼ਬੂਤ ਫੰਡ ਪ੍ਰਬੰਧਨ fund management ਨੂੰ ਦਰਸਾਉਂਦਾ ਹੈ।
ਐੱਲ ਆਈ ਸੀ ਮੁਤਾਬਕ ਉਸ ਨੇ ਪਿਛਲੇ ਕੁਝ ਸਾਲਾਂ ਵਿੱਚ ਬੁਨਿਆਦੀ ਗੱਲਾਂ ਅਤੇ ਬਕਾਇਆ ਜਾਂਚ ਦੇ ਆਧਾਰ ’ਤੇ ਨਿਵੇਸ਼ ਫੈਸਲੇ ਲਏ ਹਨ। LIC ਮੁਤਾਬਕ, ‘‘ਨਿਵੇਸ਼ ਦੇ ਫੈਸਲੇ LIC ਵੱਲੋਂ ਸੁਤੰਤਰ ਤੌਰ ’ਤੇ ਅਤੇ ਤਫ਼ਸੀਲੀ ਜਾਂਚ ਮਗਰੋਂ ਲਏ ਗਏ ਸਨ, ਜੋ ਇਸ ਦੇ board ਵੱਲੋਂ approved policies ਦੇ ਅਨੁਸਾਰ ਹਨ।’’
ਬੀਮਾ ਕੰਪਨੀ ਨੇ ਕਿਹਾ, ‘‘ਐੱਲ ਆਈ ਸੀ ਨੇ ਜਾਂਚ-ਪੜਤਾਲ ਦੇ ਸਿਖਰਲੇ ਮਿਆਰ ਯਕੀਨੀ ਬਣਾਏ ਹਨ ਤੇ ਇਸ ਸਾਰੇ ਨਿਵੇਸ਼ ਫੈਸਲੇ ਸਾਰੇ ਹਿੱਤਧਾਰਕਾਂ ਦੇ ਹਿੱਤ ਵਿੱਚ, ਮੌਜੂਦਾ ਨੀਤੀਆਂ, ਐਕਟ ਦੇ ਉਪਬੰਧਾਂ ਅਤੇ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤਹਿਤ ਲਏ ਜਾਂਦੇ ਹਨ।’’
