ਲਿਬਰੇਸ਼ਨ ਨੇ 20 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ
ਸਾਰੇ 12 ਮੌਜੂਦਾ ਵਿਧਾਇਕਾਂ ਨੂੰ ਮੁਡ਼ ਚੋਣ ਮੈਦਾਨ ’ਚ ਉਤਾਰਿਆ
Advertisement
ਬਿਹਾਰ ਵਿੱਚ ‘ਇੰਡੀਆ’ ਗੱਠਜੋੜ ਦੀ ਭਾਈਵਾਲ ਪਾਰਟੀ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੇ ਅੱਜ ਆਗਾਮੀ ਵਿਧਾਨ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਅਤੇ ਆਪਣੇ ਸਾਰੇ ਮੌਜੂਦਾ 12 ਵਿਧਾਇਕਾਂ ’ਤੇ ਭਰੋਸਾ ਜ਼ਾਹਿਰ ਕਰਦੇ ਹੋਏ ਚੋਣ ਮੈਦਾਨ ’ਚ ਉਤਾਰਿਆ ਹੈ। ਪਾਰਟੀ ਨੇ ਉਨ੍ਹਾਂ ਸੀਟਾਂ ’ਤੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ, ਜਿੱਥੇ ਉਹ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਨਹੀਂ ਕਰ ਸਕੀ ਸੀ।ਸੀ ਪੀ ਆਈ (ਐੱਮ ਐੱਲ)-ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਕਿਹਾ, ‘‘ਅਸੀਂ ਗੱਠਜੋੜ ਦੀ ਭਾਵਨਾ ਨੂੰ ਕਾਇਮ ਰੱਖਿਆ ਹੈ। ਹਾਲਾਂਕਿ, ਅਸੀਂ ਜ਼ਿਆਦਾ ਸੀਟਾਂ ਦੇ ਹੱਕਦਾਰ ਸੀ ਪਰ ਅਖ਼ੀਰ ਅਸੀਂ ਸਿਰਫ਼ 20 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦਾ ਫੈਸਲਾ ਲਿਆ। ਸਾਡੀ ਇੱਛਾ ਸੀ ਕਿ ਇਸ ਵਾਰ ਘੱਟੋ-ਘੱਟ 24 ਸੀਟਾਂ ’ਤੇ ਚੋਣ ਲੜੀਏ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ।’’ ਉਨ੍ਹਾਂ ਦਾਅਵਾ ਕੀਤਾ, ‘‘ਮਹਾਗੱਠਜੋੜ ਇਸ ਵਾਰ ਭਾਰੀ ਬਹੁਮੱਤ ਨਾਲ ਜਿੱਤ ਦਰਜ ਕਰੇਗਾ। ਬਿਹਾਰ ਦੀ ਜਨਤਾ ਐੱਨ ਡੀ ਏ ਤੋਂ ਦੁਖੀ ਹੋ ਚੁੱਕੀ ਹੈ।’’
ਜਿਨ੍ਹਾਂ ਮੁੱਖ ਵਿਧਾਇਕਾਂ ਨੂੰ ਮੁੜ ਟਿਕਟ ਦਿੱਤੀ ਗਈ ਹੈ, ਉਨ੍ਹਾਂ ਵਿੱਚ ਅਮਰਜੀਤ ਕੁਸ਼ਵਾਹਾ, ਸੱਤਿਆਦੇਵ ਰਾਮ , ਗੋਪਾਲ ਰਵੀਦਾਸ, ਸੰਦੀਪ ਸੌਰਭ, ਸ਼ਿਵ ਪ੍ਰਕਾਸ਼ ਰੰਜਨ, ਅਜੀਤ ਕੁਮਾਰ ਸਿੰਘ, ਬਿਰੇਂਦਰ ਪ੍ਰਸਾਦ ਅਤੇ ਮਹਿਬੂਬ ਆਲਮ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਦਿਵਿਆ ਗੌਤਮ, ਅਨਿਲ ਕੁਮਾਰ ਅਤੇ ਫੂਲਬਾਬੂ ਸਿੰਘ ਦੇ ਨਾਮ ਵੀ ਸੂਚੀ ’ਚ ਸ਼ਾਮਿਲ ਹਨ।
Advertisement
Advertisement