Leh violence: ਲੇਹ ਵਿੱਚ ਤੀਜੇ ਦਿਨ ਵੀ ਕਰਫ਼ਿਊ ਜਾਰੀ
Leh violence: ਲੇਹ ਕਸਬੇ ਵਿੱਚ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਕਰਫ਼ਿਊ ਲਾਗੂ ਹੈ। ਇਸ ਦੌਰਾਨ ਗ੍ਰਹਿ ਮੰਤਰਾਲੇ ਦੀ ਇੱਕ ਟੀਮ ਨੇ ਸਮੁੱਚੀ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਇੱਥੇ ਕਈ ਮੀਟਿੰਗਾਂ ਕੀਤੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕਿਤੋਂ ਵੀ ਕੋਈ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ।
ਜ਼ਿਕਰਯੋਗ ਹੈ ਕਿ ਲੇਹ ਐਪੈਕਸ ਬਾਡੀ (LAB) ਵੱਲੋਂ ਰਾਜ ਦਾ ਦਰਜਾ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਨੂੰ ਲਾਗੂ ਕਰਨ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਨਾਲ ਗੱਲਬਾਤ ਅੱਗੇ ਵਧਾਉਣ ਲਈ ਦਿੱਤੇ ਬੰਦ ਦੇ ਸੱਦੇ ਦੌਰਾਨ ਵਿਆਪਕ ਹਿੰਸਾ ਹੋਣ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਕਸਬੇ ਵਿੱਚ ਕਰਫ਼ਿਊ ਲਗਾਇਆ ਗਿਆ ਸੀ। ਹਿੰਸਾ ਦੇ ਨਤੀਜੇ ਵਜੋਂ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 90 ਹੋਰ ਜ਼ਖਮੀ ਹੋ ਗਏ ਸਨ।
ਇੱਕ ਪੁਲੀਸ ਅਧਿਕਾਰੀ ਨੇ ਕਿਹਾ, “ਸਮੁੱਚੀ ਸੁਰੱਖਿਆ ਸਥਿਤੀ ਪੂਰੇ ਲੱਦਾਖ ਵਿੱਚ ਸ਼ਾਂਤੀਪੂਰਨ ਬਣੀ ਹੋਈ ਹੈ। ਲੋਕਾਂ ਨੂੰ ਜ਼ਰੂਰੀ ਵਸਤਾਂ ਖਰੀਦਣ ਦੀ ਇਜਾਜ਼ਤ ਦੇਣ ਲਈ ਦਿਨ ਦੇ ਬਾਅਦ ਵਿੱਚ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ।”
ਦੰਗਾ ਰੋਕੂ ਸਾਜ਼ੋ-ਸਾਮਾਨ ਨਾਲ ਪੁਲੀਸ ਅਤੇ ਅਰਧ ਸੈਨਿਕ ਕਰਮਚਾਰੀ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਖਾਲੀ ਸੜਕਾਂ 'ਤੇ ਗਸ਼ਤ ਕਰਦੇ ਦੇਖੇ ਗਏ।
ਲੇਹ ਦੇ ਜ਼ਿਲ੍ਹਾ ਮੈਜਿਸਟ੍ਰੇਟ (DM) ਰੋਮਿਲ ਸਿੰਘ ਡੋਂਕ ਨੇ ਸ਼ੁੱਕਰਵਾਰ ਤੋਂ ਦੋ ਦਿਨਾਂ ਲਈ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।