ਆਰਥਿਕ ਮੁਹਾਜ਼ ’ਤੇ ਅਮਿਟ ਛਾਪ ਛੱਡੀ: ਆਰਬੀਆਈ ਗਵਰਨਰ
ਨਵੀਂ ਦਿੱਲੀ:
ਆਰਬੀਆਈ ਦੇ ਗਵਰਨਰ ਸੰਜੈ ਮਲਹੋਤਰਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਆਰਥਿਕ ਸੁਧਾਰਾਂ ’ਚ ਯੋਗਦਾਨ ਪਾ ਕੇ ਉਨ੍ਹਾਂ ਦੇਸ਼ ’ਚ ਆਪਣੀ ਅਮਿਟ ਛਾਪ ਛੱਡੀ ਹੈ। ਮਲਹੋਤਰਾ ਨੇ ‘ਐਕਸ’ ’ਤੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ, ਦੂਰਅੰਦੇਸ਼ੀ ਅਰਥਸ਼ਾਸਤਰੀ ਅਤੇ ਆਰਬੀਆਈ ਦੇ ਸਾਬਕਾ ਗਵਰਨਰ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ’ਤੇ ਉਨ੍ਹਾਂ ਨੂੰ ਦੁੱਖ ਹੋਇਆ ਹੈ। ਇਸ ਦੌਰਾਨ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਪ੍ਰਤਿਭਾਸ਼ਾਲੀ ਅਰਥਸ਼ਾਸਤਰੀ ਕਰਾਰ ਦਿੱਤਾ। ਰਘੂਰਾਮ ਰਾਜਨ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਅਜਿਹੇ ਦੂਰਅੰਦੇਸ਼ੀ ਵਾਲੇ ਆਗੂ ਸਨ ਜਿਨ੍ਹਾਂ ਨੂੰ ਸਿਆਸੀ ਤੌਰ ’ਤੇ ਕੀ ਕੁਝ ਸੰਭਵ ਹੈ, ਉਸ ਦੀ ਵੀ ਸਮਝ ਸੀ। ਉਨ੍ਹਾਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਹਮਾਇਤ ਨਾਲ ਅਜਿਹੇ ਉਦਾਰੀਕਰਨ ਅਤੇ ਸੁਧਾਰ ਕੀਤੇ ਜਿਨ੍ਹਾਂ ਨਾਲ ਭਾਰਤੀ ਅਰਥਚਾਰੇ ਦੀ ਨੀਂਹ ਰੱਖੀ ਗਈ ਸੀ। ਆਰਬੀਆਈ ਦੇ 23ਵੇਂ ਗਵਰਨਰ ਰਹੇ ਰਘੂਰਾਮ ਰਾਜਨ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਕਦੇ ਵੀ ਨਿੱਜੀ ਲਾਹੇ ਲਈ ਅਹੁਦੇ ਦੀ ਦੁਰਵਰਤੋਂ ਨਹੀਂ ਕੀਤੀ ਸੀ। ਰਾਜਨ ਮੁਤਾਬਕ ਨਰਮ ਸੁਭਾਅ ਦੇ ਮਾਲਕ ਡਾਕਟਰ ਸਿੰਘ ਆਪਣੇ ਆਲੋਚਕਾਂ ਸਮੇਤ ਸਾਰਿਆਂ ਨੂੰ ਬੜੇ ਧਿਆਨ ਨਾਲ ਸੁਣਦੇ ਸਨ। -ਪੀਟੀਆਈ