ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਨੂੰਨ ਦੀ ਵਿਦਿਆਰਥਣ ਨਾਲ ਸਾਜ਼ਿਸ਼ ਤਹਿਤ ਕੀਤਾ ਗਿਆ ਜਬਰ-ਜਨਾਹ

ਪੀੜਤਾ ’ਤੇ ਕਾਫੀ ਸਮੇਂ ਤੋਂ ਨਜ਼ਰ ਰੱਖ ਰਹੇ ਸੀ ਮੁਲਜ਼ਮ; ਭਾਜਪਾ ਦੀ ਚਾਰ ਮੈਂਬਰੀ ਤੱਥ ਖੋਜ ਕਮੇਟੀ ਕੋਲਕਾਤਾ ਪੁੱਜੀ
Advertisement

ਕੋਲਕਾਤਾ, 30 ਜੂਨ

ਕੋਲਕਾਤਾ ਦੇ ਲਾਅ ਕਾਲਜ ਵਿੱਚ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ’ਚੋਂ ਤਿੰਨ ਨੇ ਇਸ ਦੀ ਸਾਜ਼ਿਸ਼ ਪਹਿਲਾਂ ਹੀ ਰਚੀ ਹੋਈ ਸੀ। ਇਹ ਜਾਣਕਾਰੀ ਅੱਜ ਪੁਲੀਸ ਦੇ ਇਕ ਅਧਿਕਾਰੀ ਨੇ ਦਿੱਤੀ। ਉਧਰ, ਸਮੂਹਿਕ ਜਬਰ-ਜਨਾਹ ਦੇ ਇਸ ਮਾਮਲੇ ਵਿੱਚ ਭਾਜਪਾ ਵੱਲੋਂ ਗਠਿਤ ਚਾਰ ਮੈਂਬਰੀ ਤੱਥ ਖੋਜ ਟੀਮ ਅੱਜ ਸਵੇਰੇ ਕੋਲਕਾਤਾ ਪੁੱਜੀ। ਇਸੇ ਦੌਰਾਨ ਭਾਜਪਾ ਦੀ ਤੱਥ ਖੋਜ ਟੀਮ ਦੇ ਸਾਊਥ ਕੋਲਕਾਤਾ ਲਾਅ ਕਾਲਜ ਪੁੱਜਣ ’ਤੇ ਕਾਲਜ ਕੰਪਲੈਕਸ ਦੇ ਬਾਹਰ ਭਾਜਪਾ ਅਤੇ ਉਸ ਦੇ ਯੂਥ ਵਿੰਗ ਬੀਜੇਐੱਮਵਾਈ ਦੇ ਸਮਰਥਕਾਂ ਅਤੇ ਖੱਬੀਆਂ ਪਾਰਟੀਆਂ ਤੇ ਉਨ੍ਹਾਂ ਨਾਲ ਸਬੰਧਤ ਜਥੇਬੰਦੀਆਂ ਦੇ ਕਾਰਕੁਨਾਂ ਵਿਚਾਲੇ ਝੜਪ ਹੋ ਗਈ। ਪੁਲੀਸ ਨੂੰ ਇਨ੍ਹਾਂ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਕੰਟਰੋਲ ਕਰਨ ’ਚ ਕਾਫੀ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਦੋਵੇਂ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਵਿੰਗਾਂ ਨੇ ਵੱਖ ਵੱਖ ਥਾਈਂ ਘਟਨਾ ਦੇ ਵਿਰੋਧ ਵਿੱਚ ਰੈਲੀਆਂ ਕੀਤੀਆਂ। ਉੱਧਰ, ਕਾਲਜ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਅਣਮਿੱਥੇ ਸਮੇਂ ਲਈ ਸਾਰੇ ਵਿਦਿਆਰਥੀਆਂ ਵਾਸਤੇ ਕਲਾਸਾਂ ਮੁਅੱਤਲ ਰੱਖਣ ਦਾ ਫੈਸਲਾ ਲਿਆ ਹੈ। ਇਸ ਸਬੰਧੀ ਅੱਜ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ।

Advertisement

ਘਟਨਾ ਦੀ ਜਾਂਚ ਕਰ ਰਹੀ ਨੌਂ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਧਿਕਾਰੀਆਂ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਤਿੰਨੋਂ ਮੁਲਜ਼ਮਾਂ ਮਨੋਜੀਤ ਮਿਸ਼ਰਾ, ਪ੍ਰੋਮਿਤ ਮੁਖਰਜੀ ਅਤੇ ਜ਼ੈਦ ਅਹਿਮਦ ਦਾ ਕਾਲਜ ਦੀਆਂ ਵਿਦਿਆਰਥਣਾਂ ਨਾਲ ਜਿਨਸੀ ਛੇੜਛਾੜ ਕਰਨ ਦਾ ਇਤਿਹਾਸ ਰਿਹਾ ਹੈ। ਚੌਥਾ ਮੁਲਜ਼ਮ ਕਾਲਜ ਦਾ ਸੁਰੱਖਿਆ ਗਾਰਡ ਹੈ। ਅਧਿਕਾਰੀ ਮੁਤਾਬਕ, ਤਿੰਨੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਆਪਣੇ ਮੋਬਾਈਲ ਫੋਨ ’ਤੇ ਰਿਕਾਰਡ ਕਰਦੇ ਸਨ ਅਤੇ ਬਾਅਦ ਵਿੱਚ ਫੁਟੇਜ ਦਾ ਇਸਤੇਮਾਲ ਪੀੜਤਾ ਨੂੰ ਬਲੈਕਮੇਲ ਕਰਨ ਲਈ ਕਰਦੇ ਸਨ। ਪੁਲੀਸ ਅਧਿਕਾਰੀ ਨੇ ਕਿਹਾ, ‘‘ਪੂਰੇ ਘਟਨਾਕ੍ਰਮ ਦੀ ਪਹਿਲਾਂ ਤੋਂ ਹੀ ਸਾਜ਼ਿਸ਼ ਰਚੀ ਹੋਈ ਸੀ। ਇਨ੍ਹਾਂ ਦੀ ਕਈ ਦਿਨਾਂ ਤੋਂ ਪੀੜਤਾ ’ਤੇ ਨਜ਼ਰ ਸੀ। ਸਾਨੂੰ ਪਤਾ ਲੱਗਾ ਹੈ ਕਿ ਕਾਲਜ ਵਿੱਚ ਦਾਖ਼ਲੇ ਦੇ ਪਹਿਲੇ ਦਿਨ ਤੋਂ ਮੁੱਖ ਮੁਲਜ਼ਮ ਪੀੜਤਾ ’ਤੇ ਨਜ਼ਰ ਰੱਖ ਰਿਹਾ ਸੀ।’’

ਕੋਲਕਾਤਾ ਪੁਲੀਸ ਨੇ ਮੁਲਜ਼ਮਾਂ ਵੱਲੋਂ ਕਥਿਤ ਤੌਰ ’ਤੇ ਬਣਾਈਆਂ ਗਈਆਂ ਮੋਬਾਈਲ ਵੀਡੀਓਜ਼ ਦੀ ਭਾਲ ਆਰੰਭ ਦਿੱਤੀ ਹੈ। ਅਧਿਕਾਰੀ ਨੇ ਕਿਹਾ, ‘‘ਐਤਵਾਰ ਨੂੰ ਮੁਲਜ਼ਮ ਮੁਖਰਜੀ ਅਤੇ ਅਹਿਮਦ ਦੇ ਘਰਾਂ ਦੀ ਤਲਾਸ਼ੀ ਲਈ ਗਈ। ਹੋ ਸਕਦਾ ਹੈ ਕਿ ਮੁਲਜ਼ਮਾਂ ਨੇ 25 ਜੂਨ ਦੇ ਕਥਿਤ ਸਮੂਹਿਕ ਜਬਰ-ਜਨਾਹ ਦੀ ਵੀਡੀਓ ਕਲਿੱਪ ਸਾਂਝੀ ਵੀ ਕੀਤੀ ਹੋਵੇ। ਉਨ੍ਹਾਂ ਦੱਸਿਆ ਕਿ ਸਿਟ ਨੇ 25 ਤੋਂ ਵੱਧ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਸਾਊਥ ਕਲਕੱਤਾ ਲਾਅ ਕਾਲਜ ਦੇ ਵਿਦਿਆਰਥੀ ਹਨ ਅਤੇ ਘਟਨਾ ਵਾਲੀ ਸ਼ਾਮ ਸਿੱਖਿਆ ਸੰਸਥਾ ਵਿੱਚ ਮੌਜੂਦ ਸਨ।

ਉਧਰ, ਸਮੂਹਿਕ ਜਬਰ-ਜਨਾਹ ਮਾਮਲੇ ਵਿੱਚ ਭਾਜਪਾ ਵੱਲੋਂ ਗਠਿਤ ਚਾਰ ਮੈਂਬਰੀ ਤੱਥ ਖੋਜ ਟੀਮ ਅੱਜ ਸਵੇਰੇ ਕੋਲਕਾਤਾ ਪੁੱਜੀ। ਟੀਮ ਦੇ ਮੈਂਬਰਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਸਤਪਾਲ ਸਿੰਘ, ਮੀਨਾਕਸ਼ੀ ਲੇਖੀ ਅਤੇ ਸੰਸਦ ਮੈਂਬਰ ਬਿਪਲਬ ਕੁਮਾਰ ਦੇਬ ਅਤੇ ਮਨਨ ਕੁਮਾਰ ਮਿਸ਼ਰਾ ਸ਼ਾਮਲ ਹਨ। ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਦੇਬ ਨੇ ਕਿਹਾ, ‘‘ਪੱਛਮੀ ਬੰਗਾਲ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ। -ਪੀਟੀਆਈ

ਕਲਕੱਤਾ ਹਾਈ ਕੋਰਟ ਵਿੱਚ ਸੀਬੀਆਈ ਜਾਂਚ ਦੀ ਮੰਗ ਲਈ ਜਨਹਿੱਤ ਪਟੀਸ਼ਨ ਦਾਇਰ

ਕੋਲਕਾਤਾ: ਕਲਕੱਤਾ ਹਾਈ ਕੋਰਟ ਵਿੱਚ ਅੱਜ ਇਕ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਸਮੂਹਿਕ ਜਬਰ-ਜਨਾਹ ਦੀ ਘਟਨਾ ਦੀ ਸੀਬੀਆਈ ਜਾਂਚ ਕਰਵਾਉਣ ਦੀ ਅਪੀਲ ਕੀਤੀ ਗਈ। ਪਟੀਸ਼ਨਰ ਨੇ ਅਪੀਲ ਕੀਤੀ ਹੈ ਕਿ ਕਥਿਤ ਪੀੜਤਾ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਸੀਬੀਆਈ ਨੂੰ ਇਸ ਘਟਨਾ ਦੀ ਸ਼ੁਰੂਆਤੀ ਜਾਂਚ ਕਰਨ ਅਤੇ ਅਦਾਲਤ ਸਾਹਮਣੇ ਇਕ ਅੰਤਰਿਮ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਜਾਵੇ। ਇਸੇ ਦੌਰਾਨ ਕਲਕੱਤਾ ਹਾਈ ਕੋਰਟ ਨੇ ਅੱਜ ਤਿੰਨ ਵਕੀਲਾਂ ਨੂੰ ਕਾਨੂੰਨ ਦੀ ਵਿਦਿਆਰਥਣ ਨਾਲ ਉਸ ਦੇ ਕਾਲਜ ਵਿੱਚ ਹੋਏ ਕਥਿਤ ਸਮੂਹਿਕ ਜਬਰ-ਜਨਾਹ ਦੇ ਮਾਮਲੇ ਵਿੱਚ ਵੱਖ-ਵੱਖ ਜਨਹਿੱਤ ਪਟੀਸ਼ਨਾਂ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। -ਪੀਟੀਆਈ

Advertisement