ਬਿਹਾਰ ਚੋਣਾਂ ਦੇ ਆਖਰੀ ਗੇੜ, ਤਰਨ ਤਾਰਨ ਸਣੇ 8 ਸੀਟਾਂ ’ਤੇ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਜਾਰੀ
ਭਾਰਤੀ ਚੋਣ ਕਮਿਸ਼ਨ (ECI) ਨੇ ਸੋਮਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖਰੀ ਗੇੜ ਅਤੇ ਪੰਜਾਬ ਦੇ ਤਰਨ ਤਾਰਨ ਸਣੇ ਅੱਠ ਸੀਟਾਂ ’ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਸ ਗੇੜ ਵਿਚ ਬਿਹਾਰ ਅਸੈਂਬਲੀ ਦੀਆਂ 243 ਵਿਚੋਂ ਬਾਕੀ ਰਹਿੰਦੀਆਂ 122 ਸੀਟਾਂ ਲਈ 11 ਨਵੰਬਰ ਨੂੰ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਛੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀਆਂ ਅੱਠ ਸੀਟਾਂ ’ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਵੀ ਵੋਟਿੰਗ 11 ਨਵੰਬਰ ਨੂੰ ਹੀ ਕਰਵਾਈ ਜਾਵੇਗੀ। ਬਿਹਾਰ ਵਿਚ ਪਹਿਲੇ ਗੇੜ ਦੀ ਵੋਟਿੰਗ 6 ਨਵੰਬਰ ਨੂੰ ਹੋਵੇਗੀ। ਬਿਹਾਰ ਵਿਧਾਨ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।
ਪੰਜਾਬ ਦੀ ਤਰਨ ਤਾਰਨ ਸੀਟ ਅਤੇ ਜੰਮੂ-ਕਸ਼ਮੀਰ ਦੀਆਂ ਬਡਗਾਮ ਤੇ ਨਗਰੋਟਾ ਸੀਟਾਂ ’ਤੇ ਜ਼ਿਮਨੀ ਚੋਣਾਂ ਹੋਣਗੀਆਂ। ਇਨ੍ਹਾਂ ਦੇ ਨਾਲ ਹੀ ਰਾਜਸਥਾਨ (Anta), ਓੜੀਸਾ (ਨੁਆਪਾੜਾ), ਝਾਰਖੰਡ (ਘਾਟਸ਼ਿਲਾ), ਤਿਲੰਗਾਨਾ (ਜੂਬਲੀ ਹਿਲਜ਼) ਅਤੇ ਮਿਜ਼ੋਰਮ (ਡੰਪਾ) ਵਿੱਚ ਵੀ ਜ਼ਿਮਨੀ ਚੋਣ ਹੋਣੀ ਹੈ।
ਪੰਜਾਬ ਦੀ ਤਰਨ ਤਾਰਨ ਸੀਟ 'ਤੇ ਜ਼ਿਮਨੀ ਚੋਣ ਮੌਜੂਦਾ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਹੋ ਰਹੀ ਹੈ। ਜੰਮੂ-ਕਸ਼ਮੀਰ ਦੇ ਬਡਗਾਮ ਹਲਕੇ ਵਿੱਚ ਜ਼ਿਮਨੀ ਚੋਣ ਇਸ ਲਈ ਕਰਵਾਈ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਇਹ ਸੀਟ ਖਾਲੀ ਕਰਕੇ ਗਾਂਦਰਬਲ ਸੀਟ ਸੰਭਾਲੀ ਸੀ। ਉਮਰ ਨੇ ਪਿਛਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੋਵਾਂ ਹਲਕਿਆਂ ਤੋਂ ਚੋਣ ਲੜੀ ਸੀ। ਨਗਰੋਟਾ ਹਲਕੇ ਵਿੱਚ ਜ਼ਿਮਨੀ ਚੋਣ ਮੌਜੂਦਾ ਵਿਧਾਇਕ ਦੇਵਿੰਦਰ ਸਿੰਘ ਰਾਣਾ ਦੇ ਦੇਹਾਂਤ ਕਾਰਨ ਹੋ ਰਹੀ ਹੈ।