ਉੱਤਰਾਖੰਡ ਵਿਚ ਜ਼ਮੀਨ ਖਿਸਕਣ ਕਰਕੇ ਅੱਧਾ ਦਰਜਨ ਘਰ ਤਬਾਹ, ਪੰਜ ਲੋਕ ਲਾਪਤਾ
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਆਫ਼ਤ ਪ੍ਰਭਾਵਿਤ ਨੰਦਾਨਗਰ ਵਿੱਚ ਵੀਰਵਾਰ ਸਵੇਰੇ ਭਾਰੀ ਮੀਂਹ ਕਰ ਕੇ ਜ਼ਮੀਨ ਖਿਸਕਣ ਕਾਰਨ ਘਰ ਢਹਿ ਗਏ, ਜਿਸ ਕਾਰਨ ਪੰਜ ਲੋਕ ਲਾਪਤਾ ਦੱਸੇ ਜਾਂਦੇ ਹਨ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਨੇ ਦੱਸਿਆ ਕਿ ਨਗਰ ਪੰਚਾਇਤ ਨੰਦਾਨਗਰ ਦੇ ਕੁੰਤਰੀ ਵਾਰਡ ਵਿੱਚ ਜ਼ਮੀਨ ਖਿਸਕਣ ਕਰਕੇ ਆਏ ਮਲਬੇ ਨੇ ਅੱਧਾ ਦਰਜਨ ਘਰ ਤਬਾਹ ਕਰ ਦਿੱਤੇ। ਜ਼ਮੀਨ ਖਿਸਕਣ ਵੇਲੇ ਸੱਤ ਲੋਕ ਘਰਾਂ ਦੇ ਅੰਦਰ ਸਨ। ਇਨ੍ਹਾਂ ਵਿਚੋਂ ਦੋ ਨੂੰ ਜ਼ਿੰਦਾ ਬਚਾ ਲਿਆ ਗਿਆ, ਜਦੋਂ ਕਿ ਪੰਜ ਅਜੇ ਵੀ ਲਾਪਤਾ ਹਨ।
ਐੱਸਡੀਆਰਐੱਫ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਨਾਲ ਇੱਕ ਮੈਡੀਕਲ ਟੀਮ ਅਤੇ ਤਿੰਨ ਐਂਬੂਲੈਂਸਾਂ ਮੌਕੇ ’ਤੇ ਪਹੁੰਚ ਗਈਆਂ ਹਨ। ਮੋਖ ਨਦੀ ਵਿੱਚ ਆਏ ਹੜ੍ਹ ਨੇ ਨੰਦਾਨਗਰ ਖੇਤਰ ਦੇ ਧੁਰਮਾ ਪਿੰਡ ਵਿੱਚ ਛੇ ਘਰ ਤਬਾਹ ਕਰ ਦਿੱਤੇ ਹਨ।
ਅਗਸਤ ਵਿੱਚ ਨੰਦਾਨਗਰ ਦੇ ਕੁਝ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਕਾਰਨ ਘਰਾਂ ਦੀਆਂ ਕੰਧਾਂ ’ਤੇ ਤਰੇੜਾਂ ਦਿਖਾਈ ਦਿੱਤੀਆਂ ਸਨ। ਹਾਲਾਂਕਿ ਇਨ੍ਹਾਂ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕਰਨਾ ਪਿਆ ਸੀ।