ਲਾਲੂ ਦੀ ਧੀ ਰੋਹਿਣੀ ਨੇ ਰਾਜਨੀਤੀ ਛੱਡਣ ਅਤੇ ਪਰਿਵਾਰ ਨਾਲੋਂ ਨਾਤਾ ਤੋੜਨ ਦਾ ਕੀਤਾ ਐਲਾਨ
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਰਾਸ਼ਟਰੀ ਜਨਤਾ ਦਲ (RJD) ਦੀ ਹਾਰ ਤੋਂ ਇੱਕ ਦਿਨ ਬਾਅਦ, ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਦੀ ਧੀ ਰੋਹਿਣੀ ਆਚਾਰੀਆ ਨੇ ਰਾਜਨੀਤੀ ਛੱਡਣ ਅਤੇ ਆਪਣੇ ਪਰਿਵਾਰ ਨਾਲੋਂ ਸਾਰੇ ਰਿਸ਼ਤੇ ਤੋੜਨ ਦਾ ਐਲਾਨ ਕੀਤਾ ਹੈ।
ਰੋਹਿਣੀ ਆਚਾਰੀਆ ਨੇ ਸ਼ਨੀਵਾਰ ਨੂੰ ਆਪਣੇ ਐਕਸ ਹੈਂਡਲ ’ਤੇ ਇੱਕ ਪੋਸਟ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਲਿਖਿਆ, “ ਮੈਂ ਰਾਜਨੀਤੀ ਛੱਡ ਰਹੀ ਹਾਂ ਅਤੇ ਆਪਣੇ ਪਰਿਵਾਰ ਨੂੰ ਵੀ ਤਿਆਗ ਰਹੀ ਹਾਂ... ਇਹ ਸਭ ਸੰਜੇ ਯਾਦਵ ਅਤੇ ਰਮੀਜ਼ ਨੇ ਮੈਨੂੰ ਕਰਨ ਲਈ ਕਿਹਾ ਸੀ... ਅਤੇ ਮੈਂ ਸਾਰਾ ਦੋਸ਼ ਆਪਣੇ ਸਿਰ ਲੈਂਦੀ ਹਾਂ।”
ਸੰਜੇ ਯਾਦਵ RJD ਦੇ ਰਾਜ ਸਭਾ ਮੈਂਬਰ ਹਨ ਅਤੇ ਲਾਲੂ ਦੇ ਪੁੱਤਰ ਤੇ ਉੱਤਰਾਧਿਕਾਰੀ ਤੇਜਸਵੀ ਯਾਦਵ ਦੇ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਵਿੱਚੋਂ ਇੱਕ ਹਨ। ਰਮੀਜ਼ ਨੂੰ ਤੇਜਸਵੀ ਦਾ ਪੁਰਾਣਾ ਦੋਸਤ ਦੱਸਿਆ ਜਾਂਦਾ ਹੈ, ਜੋ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਦੇ ਇੱਕ ਸਿਆਸੀ ਪਰਿਵਾਰ ਨਾਲ ਸਬੰਧਤ ਹੈ
ਰੋਹਿਣੀ ਦੀ ਪੋਸਟ ਤੋਂ ਇਹ ਸਾਫ਼ ਨਹੀਂ ਹੋਇਆ ਕਿ ਸੰਜੇ ਯਾਦਵ ਅਤੇ ਰਮੀਜ਼ ਨੇ ਉਨ੍ਹਾਂ ਨੂੰ ਅਸਲ ਵਿੱਚ ਕੀ ਕਿਹਾ ਸੀ।
ਪੇਸ਼ੇ ਤੋਂ ਡਾਕਟਰ ਰੋਹਿਣੀ ਆਚਾਰੀਆ ਨੇ ਕੁਝ ਸਾਲ ਪਹਿਲਾਂ ਆਪਣੇ ਪਿਤਾ ਲਾਲੂ ਪ੍ਰਸਾਦ ਨੂੰ ਕਿਡਨੀ ਦਾਨ ਕੀਤੀ ਸੀ। ਉਨ੍ਹਾਂ ਨੇ ਪਿਛਲੇ ਸਾਲ ਲੋਕ ਸਭਾ ਚੋਣਾਂ ਵਿੱਚ ਸਾਰਣ ਤੋਂ ਚੋਣ ਲੜੀ ਸੀ, ਪਰ ਉਹ ਜਿੱਤ ਨਹੀਂ ਸਕੇ ਸਨ।
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ RJD ਦੀਆਂ ਸੀਟਾਂ 75 ਤੋਂ ਘੱਟ ਕੇ ਸਿਰਫ਼ 24 ਰਹਿ ਗਈਆਂ ਹਨ। ਸੱਤਾਧਾਰੀ NDA (ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ) ਨੇ ਇਸ ਵਾਰ ਮਹਾਗਠਬੰਧਨ ਨੂੰ ਵੱਡੀ ਹਾਰ ਦੇ ਕੇ ‘200 ਪਾਰ’ ਸੀਟਾਂ ਨਾਲ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ ਹੈ।
