ਲੱਦਾਖ: ਵਾਂਗਚੁੱਕ ਦੇ ਹਮਾਇਤੀ ਨੇ ਕੀਤੀ ਖੁਦਕੁਸ਼ੀ
ਲੇਹ ਐਪੈਕਸ ਬਾਡੀ (LAB) ਦੇ ਸਹਿ-ਚੇਅਰਮੈਨ ਲਾਕਰੁਕ ਨੇ ਇੱਥੇ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਦੱਸਿਆ, ‘ਲੇਹ ਸ਼ਹਿਰ ਤੋਂ ਲਗਭਗ 100 ਕਿਲੋਮੀਟਰ ਦੂਰ ਸਕਿੱਟਮਾਂਗ ਪਿੰਡ ਦੇ ਵਾਸੀ Stenzin Dorjay, ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦਾ ਇੱਕ ਵੱਡਾ ਪ੍ਰਸ਼ੰਸਕ ਸੀ, ਜਿਸ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ 26 ਸਤੰਬਰ ਨੂੰ ਜੋਧਪੁਰ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ।’
ਦੋਰਜੈ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਅਤੇ ਦੋ ਬੱਚੇ ਹਨ। ਉਸ ਦੀ ਲਾਸ਼ ਬੁੱਧਵਾਰ ਸਵੇਰੇ ਉਸ ਦੇ ਘਰੋਂ ਮਿਲੀ ਸੀ।
ਦੋਰਜੈ ਦੇ ਭਰਾ ਨੇ ਦਾਅਵਾ ਕੀਤਾ ਕਿ 24 ਸਤੰਬਰ ਦੀ ਹਿੰਸਾ ਮਗਰੋਂ ਦੋਰਜੈ ਭਾਰੀ ਮਾਨਸਿਕ ਤਣਾਅ ਹੇਠ ਸੀ।
ਲਾਕਰੁਕ ਨੇ ਦੱਸਿਆ, ‘‘ਉਹ ਸਾਡੀ ਜਨਰਲ ਕੌਂਸਲ ਦਾ ਮੈਂਬਰ ਸੀ ਅਤੇ ਸਾਡੇ ਅੰਦੋਲਨ ਨਾਲ ਜੁੜਿਆ ਹੋਇਆ ਸੀ। ਉਹ ਵਾਂਗਚੁੱਕ ਦਾ ਵੱਡਾ ਪ੍ਰਸ਼ੰਸਕ ਸੀ, ਮੈਨੂੰ ਇਸ ਗੱਲ ਦਾ ਪਤਾ ਹੈ ਕਿਉਂਕਿ ਮੈਂ 24 ਸਤੰਬਰ ਨੂੰ ਉਸ ਨੂੰ ਵਾਂਗਚੁੱਕ ਨਾਲ ਦੇਖਿਆ ਸੀ।’’
ਉਨ੍ਹਾਂ ਦੱਸਿਆ ਕਿ ਉਹ ਭੁੱਖ ਹੜਤਾਲ ਵਾਲੀ ਥਾਂ ਤੋਂ ਬਾਹਰ ਜਾਣਾ ਵੀ ਚਾਹੁੰਦਾ ਸੀ ਪਰ ‘ਮੈਂ ਉਸ ਨੂੰ ਰੋਕਿਆ। ਉਸ ਦੇ ਦੋ ਭਰਾਵਾਂ ਮੁਤਾਬਕ ਵਾਪਰੀਆਂ ਘਟਨਾਵਾਂ ਨਾਲ ਉਸ ਦਾ ਕੋਈ ਸਬੰਧ ਨਹੀਂ ਸੀ, ਇਸ ਲਈ ਉਹ ਮਾਨਸਿਕ ਤਣਾਅ ’ਚ ਚਲਾ ਗਿਆ ਅਤੇ ਸ਼ਾਇਦ ਇਸੇ ਕਰਕੇ ਉਸ ਨੇ ਖੁਦਕੁਸ਼ੀ ਕੀਤੀ।’
ਇੱਕ ਪੁਲੀਸ ਅਧਿਕਾਰੀ ਨੇ ਦੋਰਜੈ ਦੀ ਖੁਦਕੁਸ਼ੀ ਨਾਲ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਸ ਨੇ ਪਿਛਲੀ ਰਾਤ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ।
ਪੁਲੀਸ ਨੇ ਉਸਦੀ ਮੌਤ ਦਾ ਕਾਰਨ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਬੁੱਧਵਾਰ ਨੂੰ ਹੀ ਕੀਤਾ ਗਿਆ ਸੀ ਅਤੇ ਲਾਸ਼ ਨੂੰ ਅੰਤਿਮ ਸੰਸਕਾਰ ਲਈ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਸੀ।
ਅਧਿਕਾਰੀ ਨੇ ਕਿਹਾ, ‘‘ਸਾਨੂੰ ਕੋਈ ਵੀ ਨੋਟ ਜਾਂ ਕੁਝ ਹੋਰ ਨਹੀਂ ਮਿਲਿਆ ਹੈ ਜੋ ਉਸ ਦੇ ਅਜਿਹਾ ਸਖ਼ਤ ਕਦਮ ਚੁੱਕਣ ਦੇ ਕਾਰਨ ਨੂੰ ਦਰਸਾਉਂਦਾ ਹੋਵੇ।’’