ਲੱਦਾਖ ਹਿੰਸਾ ਭਾਜਪਾ ਸਰਕਾਰ ਵੱਲੋਂ ਖ਼ੁਦ ਸਹੇੜਿਆ ਸੰਕਟ: ਕਾਂਗਰਸ
ਕਾਂਗਰਸ ਨੇ ਅੱਜ ਕਿਹਾ ਕਿ ਲੱਦਾਖ ਹਿੰਸਾ ਭਾਜਪਾ ਸਰਕਾਰ ਵੱਲੋਂ ਖ਼ੁਦ ਸਹੇੜਿਆ ਸੰਕਟ ਹੈ। ਲੱਦਾਖ ਵਿੱਚ ਹਿੰਸਕ ਝੜਪਾਂ ਤੋਂ ਇੱਕ ਦਿਨ ਮਗਰੋਂ ਕਾਂਗਰਸ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਲੱਦਾਖ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ, ਮਾਣ ਅਤੇ ਆਪਣੀ ਪਛਾਣ ਦੀ ਸੁਰੱਖਿਆ ਲਈ ਜਾਇਜ਼ ਅਤੇ ਨਿਆਂਪੂਰਨ ਹੈ। ਲੱਦਾਖ ਨੂੰ ਰਾਜ ਦਾ ਦਰਜਾ ਦਿਵਾਉਣ ਲਈ ਵਿੱਢੇ ਅੰਦੋਲਨ ਨੇ ਬੁੱਧਵਾਰ ਨੂੰ ਲੇਹ ਵਿੱਚ ਹਿੰਸਾ, ਅੱਗਜ਼ਨੀ ਅਤੇ ਗਲੀਆਂ ਵਿੱਚ ਝੜਪਾਂ ਦਾ ਰੂਪ ਲੈ ਲਿਆ ਸੀ। ਹਿੰਸਾ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 80 ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ 40 ਪੁਲੀਸ ਕਰਮਚਾਰੀ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ:ਕੇਂਦਰ ਨੂੰ ਲੱਦਾਖ ਦੇ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ: ਫ਼ਾਰੂਕ ਅਬਦੁੱਲਾ
ਇਹ ਵੀ ਪੜ੍ਹੋ:ਹਿੰਸਕ ਝੜਪਾਂ ਮਗਰੋੋਂ ਲੱਦਾਖ ’ਚ ਕਰਫਿਊ ਆਇਦ, ਭਾਰੀ ਸੁੁਰੱਖਿਆ ਬਲ ਤਾਇਨਾਤ
ਇਹ ਵੀ ਪੜ੍ਹੋ:ਸੀਬੀਆਈ ਵੱਲੋਂ ਸੋਨਮ ਵਾਂਗਚੁੱਕ ਦੀ ਸੰਸਥਾ ਵੱਲੋਂ FCRA ਉਲੰਘਣਾ ਦੀ ਜਾਂਚ ਜਾਰੀ: ਅਧਿਕਾਰੀ
ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਲੱਦਾਖ ਵਿੱਚ ਕੀਮਤੀ ਜਾਨਾਂ ਦਾ ਨੁਕਸਾਨ ਦੁਖਦਾਈ ਹੈ। ਉਨ੍ਹਾਂ ਐਕਸ ’ਤੇ ਕਿਹਾ, ‘‘ਇਹ ਸਰਕਾਰ ਦੇ ਅਸਫਲ ਵਾਅਦਿਆਂ ਦੀ ਭਿਆਨਕ ਯਾਦ ਦਿਵਾਉਂਦਾ ਹੈ। 2019 ਵਿੱਚ, ਸੰਸਦ ਦੇ ਮੰਚ ਤੋਂ ਦੇਸ਼ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਤੱਤਕਾਲੀਨ ਜੰਮੂ ਅਤੇ ਕਸ਼ਮੀਰ ਰਾਜ ਦੇ ਲੋਕਾਂ ’ਤੇ ਕੀਤਾ ਜਾ ਰਿਹਾ ਅਪਮਾਨ ਸ਼ਾਂਤੀ ਲਿਆਵੇਗਾ। ਛੇ ਸਾਲ ਬਾਅਦ, ਮੁਸੀਬਤ ਹੋਰ ਵੀ ਪੇਚੀਦਾ ਹੋ ਗਈ ਹੈ।’’
ਖੇੜਾ ਨੇ ਕਿਹਾ, ‘‘ਵਾਦੀ ਵਿੱਚ ਆਮ ਸਥਿਤੀ ਬਹਾਲ ਕਰਨ ਦੀ ਬਜਾਏ, ਕੇਂਦਰ ਦੀ ਦੂਰਦਰਸ਼ੀ ਸੋਚ ਦੀ ਘਾਟ ਨੇ ਜੰਮੂ ਅਤੇ ਲੱਦਾਖ ਨੂੰ ਵੀ ਹਿੰਸਾ ਦੀ ਅੱਗ ਵਿੱਚ ਧੱਕ ਦਿੱਤਾ ਹੈ। ਇਹ ਸੰਕਟ ਭਾਜਪਾ ਸਰਕਾਰ ਵੱਲੋਂ ਖ਼ੁਦ ਸਹੇੜਿਆ ਹੋਇਆ ਹੈ- ਜਿਸ ਨੂੰ ਉਹ ਹੁਣ ਅਣਉਚਿਤ ਢੰਗ ਨਾਲ ਨਜ਼ਰਅੰਦਾਜ਼ ਕਰਨਾ ਚਾਹੁੰਦੀ ਹੈ।’’ ਖੇੜਾ ਨੇ ਜ਼ੋਰ ਦੇ ਕੇ ਕਿਹਾ ਕਿ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਅਤੇ ਮਾਣ ਤੇ ਆਪਣੀ ਪਛਾਣ ਦੀ ਸੁਰੱਖਿਆ ਲਈ ਲੱਦਾਖ ਦੀ ਮੰਗ ਜਾਇਜ਼ ਅਤੇ ਨਿਆਂਪੂਰਨ ਹੈ।