Ladakh Army Accident: ਲੱਦਾਖ਼ ਵਿੱਚ ਹਾਦਸੇ ਦੌਰਾਨ ਫ਼ੌਜ ਦੇ ਦੋ JCOs ਹਲਾਕ
ਪਾਣੀ ਦੀ ਟੈਂਕੀ ਫਟਣ ਕਾਰਨ ਵਾਪਰਿਆ ਹਾਦਸਾ; ਫੌਜ ਨੇ ਆਪਣੇ ਬਹਾਦਰਾਂ ਸੂਬੇਦਾਰ ਸੰਤੋਸ਼ ਕੁਮਾਰ ਤੇ ਨਾਇਬ ਸੂਬੇਦਾਰ ਸੁਨੀਲ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ
ਲੇਹ, 18 ਫਰਵਰੀ
ਫ਼ੌਜ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਲੱਦਾਖ਼ ਵਿੱਚ ਇੱਕ ਹਾਦਸੇ ਦੌਰਾਨ ਫ਼ੌਜ ਦੇ ਦੋ ਜੂਨੀਅਰ ਕਮਿਸ਼ਨਡ ਅਫਸਰ (Junior Commissioned Officers -JCOs) ਦੀ ਜਾਨ ਜਾਂਦੀ ਰਹੀ। ਫੌਜ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਅਧਿਕਾਰੀ ਨੇ ਕਿਹਾ ਕਿ ਦੱਖਣੀ ਲੱਦਾਖ਼ ਵਿੱਚ ਲੇਹ ਤੋਂ 150 ਕਿਲੋਮੀਟਰ ਦੂਰ ਨਿਓਮਾ ਖੇਤਰ ਵਿੱਚ ਇੱਕ ਕੈਂਪ ਵਿੱਚ ਪਾਣੀ ਦੀ ਟੈਂਕੀ ਫਟਣ ਕਾਰਨ ਸੂਬੇਦਾਰ ਸੰਤੋਸ਼ ਕੁਮਾਰ ਅਤੇ ਨਾਇਬ-ਸੂਬੇਦਾਰ ਸੁਨੀਲ ਕੁਮਾਰ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਵਾਪਰੀ ਇਸ ਘਟਨਾ ਦੀ ਪੁਲੀਸ ਜਾਂਚ ਚੱਲ ਰਹੀ ਹੈ।
ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਸੁਚਿੰਦਰ ਕੁਮਾਰ (Northern Army commander Lt Gen Suchindra Kumar) ਨੇ ਸ਼ਹੀਦ ਸੈਨਿਕਾਂ ਦੀ ਸਰਵਉੱਚ ਕੁਰਬਾਨੀ ਨੂੰ ਸਲਾਮ ਕੀਤਾ।
ਉੱਤਰੀ ਕਮਾਂਡ ਨੇ ਮੰਗਲਵਾਰ ਨੂੰ ਸੋੋਸ਼ਲ ਮੀਡੀਆ ਪਲੈਟਫਾਰਮ ਐਕਸ (X) 'ਤੇ ਲਿਖਿਆ, "ਲੈਫਟੀਨੈਂਟ ਜਨਰਲ ਸੁਚਿੰਦਰ ਕੁਮਾਰ ਅਤੇ ਧਰੁਵ ਕਮਾਂਡ ਦੇ ਸਾਰੇ ਰੈਂਕ ਲੱਦਾਖ਼ ਵਿੱਚ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰਾਂ ਸੂਬੇਦਾਰ ਸੰਤੋਸ਼ ਕੁਮਾਰ ਅਤੇ ਨਾਇਬ ਸੂਬੇਦਾਰ ਸੁਨੀਲ ਕੁਮਾਰ ਦੇ ਸਰਵਉੱਚ ਬਲੀਦਾਨ ਨੂੰ ਸਲਾਮ ਕਰਦੇ ਹਨ।"
ਉੱਤਰੀ ਕਮਾਂਡ ਨੇ ਮੰਗਲਵਾਰ ਨੂੰ X 'ਤੇ ਲੇਹ-ਅਧਾਰਤ ਫਾਇਰ ਐਂਡ ਫਿਊਰੀ ਕੋਰ ਤੋਂ ਇੱਕ ਪੋਸਟ ਸਾਂਝੀ ਕਰਦੇ ਹੋਏ ਇਹ ਸ਼ਰਧਾਂਜਲੀ ਦਿੱਤੀ ਹੈ। ਪੀਟੀਆਈ