ਕੁੱਲੂ: ਬੱਦਲ ਫਟਣ ਕਾਰਨ ਪੁਲ ਤੇ ਤਿੰਨ ਦੁਕਾਨਾਂ ਰੁੜ੍ਹੀਆਂ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕਾਨੋਨ ਪਿੰਡ ਵਿੱਚ ਰਾਤ ਨੂੰ ਬੱਦਲ ਫਟਣ ਕਾਰਨ ਆਇਆ ਹੜ੍ਹ ਪੁਲ ਅਤੇ ਤਿੰਨ ਦੁਕਾਨਾਂ ਵਹਾ ਕੇ ਲੈ ਗਿਆ। ਲਗਾਤਾਰ ਮੀਂਹ ਕਰਕੇ ਕਈ ਇਲਾਕਿਆਂ ਵਿੱਚ ਢਿੱਗਾਂ ਡਿੱਗਣ ਕਾਰਨ ਪ੍ਰਸ਼ਾਸਨ ਨੇ ਅੱਜ ਕੁੱਲੂ ਅਤੇ ਬੰਜਾਰ ਸਬ-ਡਿਵੀਜ਼ਨਾਂ ਵਿੱਚ ਸਕੂਲ, ਕਾਲਜ ਅਤੇ ਆਂਗਣਵਾੜੀ ਕੇਂਦਰਾਂ ਸਮੇਤ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ। ਸ਼ਿਮਲਾ ਵਿੱਚ ਰਾਮਚੰਦਰ ਚੌਕ ਨੇੜੇ ਢਿੱਗਾਂ ਡਿੱਗਣ ਮਗਰੋਂ ਮੰਤਰੀ, ਵਿਧਾਇਕ, ਉਨ੍ਹਾਂ ਦੇ ਸਟਾਫ਼ ਅਤੇ ਹੋਰ ਸਰਕਾਰੀ ਕਰਮਚਾਰੀਆਂ ਸਮੇਤ ਲਗਪਗ 40 ਵਿਅਕਤੀਆਂ ਨੂੰ ਬਚਾਅ ਕੇ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਗਿਆ। ਟਾਊਨ ਐਂਡ ਕੰਟਰੀ ਪਲੈਨਿੰਗ ਤੇ ਤਕਨੀਕੀ ਸਿੱਖਿਆ ਮੰਤਰੀ ਰਾਜੇਸ਼ ਧਰਮਾਣੀ, ਕਾਂਗਰਸ ਵਿਧਾਇਕ ਰਾਮਕੁਮਾਰ ਚੌਧਰੀ ਤੇ ਆਸ਼ੀਸ਼ ਬੁਟੈਲ ਨੇ ਢਿੱਗਾਂ ਡਿੱਗਣ ਤੋਂ ਬਾਅਦ ਸ਼ਿਮਲਾ ਵਿੱਚ ਆਪੋ-ਆਪਣੀਆਂ ਸਰਕਾਰੀ ਰਿਹਾਇਸ਼ਾਂ ਖਾਲੀ ਕਰਵਾ ਲਈਆਂ ਹਨ।
ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਛੋਟਾ ਸ਼ਿਮਲਾ ਖੇਤਰ ਵਿੱਚ ਇਮਾਰਤ ਦੀ ਛੱਤ ਨੂੰ ਨੁਕਸਾਨ ਪਹੁੰਚਿਆ ਅਤੇ ਦਰੱਖਤ ਉੱਖੜ ਗਏ ਹਨ। ਕੁੱਲੂ ਅਤੇ ਬੰਜਾਰ ਦੇ ਸਬ-ਡਿਵੀਜ਼ਨਲ ਅਧਿਕਾਰੀਆਂ ਨੇ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਬੱਦਲ ਫਟਣ, ਅਚਾਨਕ ਹੜ੍ਹ ਅਤੇ ਢਿੱਗਾਂ ਡਿੱਗਣ ਦੀ ਰਿਪੋਰਟ ਦਿੱਤੀ। ਮੰਡੀ ਜ਼ਿਲ੍ਹੇ ਦੇ ਪਧਾਰ ਖੇਤਰ ਵਿੱਚ ਸ਼ਿਲਹਾਬੁਧਾਨੀ ਅਤੇ ਤਰਸਵਾਨ ਗ੍ਰਾਮ ਪੰਚਾਇਤਾਂ ਵਿੱਚ ਮੀਂਹ ਨੇ ਖੇਤੀਬਾੜੀ ਵਾਲੀ ਜ਼ਮੀਨ ਤੋਂ ਇਲਾਵਾ ਇੱਕ ਫੁਟਬ੍ਰਿਜ, ਦੁਕਾਨ ਅਤੇ ਵਾਹਨ ਨੂੰ ਵੀ ਨੁਕਸਾਨ ਪਹੁੰਚਾਇਆ।
ਕਿੰਨੌਰ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਭਾਰੀ ਮੀਂਹ ਕਾਰਨ ਕਿੰਨੌਰ ਕੈਲਾਸ਼ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਪ੍ਰਸ਼ਾਸਨ ਅਨੁਸਾਰ ਹੁਣ ਤੱਕ ਸੂਬੇ ਵਿੱਚ 357 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ।