ਕੋਲਕਾਤਾ ਜਬਰ-ਜਨਾਹ ਮਾਮਲਾ: ਡੀਐਨਏ, ਸੀਸੀਟੀਵੀ ਫੁਟੇਜ ਤੋਂ ਮੁੱਖ ਦੋਸ਼ੀ ਦੀ ਭੂਮਿਕਾ ਦੀ ਪੁਸ਼ਟੀ; ਪੁਲੀਸ ਨੇ ਚਾਰਜਸ਼ੀਟ ਵਿੱਚ ਕੀਤਾ ਦਾਅਵਾ
ਕੋਲਕਾਤਾ ਪੁਲਿਸ ਦੇ ਜਾਂਚ ਅਧਿਕਾਰੀਆਂ ਨੇ ਆਪਣੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਦੱਖਣੀ ਕੋਲਕਾਤਾ ਲਾਅ ਕਾਲਜ ਦੀ ਇੱਕ ਵਿਦਿਆਰਥਣ ਨਾਲ ਹੋਏ ਕਥਿਤ ਜਬਰ-ਜਨਾਹ ਮਾਮਲੇ ਵਿੱਚ ਮੁੱਖ ਦੋਸ਼ੀ ਮਨੋਜੀਤ ‘ਮੈਂਗੋ’ ਦੀ ਭੂਮਿਕਾ ਦੀ ਪੁਸ਼ਟੀ ਡੀਐਨਏ ਟੈਸਟ ਦੁਆਰਾ ਕੀਤੀ ਗਈ ਹੈ।
ਪੁਲੀਸ ਸੂਤਰਾਂ ਨੇ ਦੱਸਿਆ ਕਿ 24 ਸਾਲਾ ਪੀੜਤਾ ਦੇ ਕੱਪੜਿਆਂ ਤੋਂ ਲਏ ਗਏ ਨਮੂਨਿਆਂ ਦਾ ਡੀਐਨਏ ਟੈਸਟ ਦੋਸ਼ੀ ਦੇ ਡੀਐਨਏ ਨਾਲ ਮੇਲ ਖਾਂਦਾ ਹੈ। ਪੀੜਤ ਅਤੇ ਦੋਸ਼ੀ ਦੋਵਾਂ ਤੋਂ ਖੂਨ ਦੇ ਨਮੂਨੇ ਲਏ ਗਏ ਸਨ। ਚਾਰਜਸ਼ੀਟ ਅਲੀਪੁਰ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਦਾਇਰ ਕੀਤੀ ਗਈ ਸੀ। ਇਸ ਵਿੱਚ ਮੁੱਖ ਦੋਸ਼ੀ ਮਨੋਜੀਤ ਮਿਸ਼ਰਾ ਦੇ ਨਾਲ ਤਿੰਨ ਹੋਰਾਂ ਦਾ ਨਾਮ ਹੈ। ਮਿਸ਼ਰਾ ਕਾਲਜ ਦਾ ਸਾਬਕਾ ਵਿਦਿਆਰਥੀ ਹੈ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ, “ ਡੀਐਨਏ ਟੈਸਟਿੰਗ ਤੋਂ ਇਹ ਵੀ ਪਤਾ ਲੱਗਾ ਹੈ ਕਿ ਘਟਨਾ ਸਮੇਂ ਪੀੜਤ ਅਤੇ ਦੋਸ਼ੀ ਦੋਵੇਂ ਕਾਲਜ ਗਾਰਡ ਰੂਮ ਵਿੱਚ ਮੌਜੂਦ ਸਨ। ”
ਇਸ ਰਿਪੋਰਟ ਨੂੰ ਮਾਮਲੇ ਵਿੱਚ ਇੱਕ ਮਹੱਤਵਪੂਰਨ ਸਬੂਤ ਮੰਨਿਆ ਜਾ ਰਿਹਾ ਹੈ। ਚਾਰਜਸ਼ੀਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਾਲਜ ਕੈਂਪਸ ਅਤੇ ਨੇੜਲੀਆਂ ਦੋ ਦੁਕਾਨਾਂ ਤੋਂ ਸੀਸੀਟੀਵੀ ਫੁਟੇਜ ਨੇ ਅਪਰਾਧ ਦੀ ਪੁਸ਼ਟੀ ਕੀਤੀ ਹੈ।
ਅਧਿਕਾਰੀ ਨੇ ਕਿਹਾ, “ ਫੁੱਟੇਜ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਘਟਨਾ ਕਾਲਜ ਦੇ ਗਾਰਡ ਰੂਮ ਦੇ ਅੰਦਰ ਵਾਪਰੀ। ਦੋ ਹੋਰ ਦੋਸ਼ੀ ਪ੍ਰਮਿਤ ਮੁਖਰਜੀ ਅਤੇ ਜ਼ੈਬ ਅਹਿਮਦ ਗਾਰਡ ਰੂਮ ਦੇ ਬਾਹਰ ਖੜ੍ਹੇ ਸਨ। ਸੁਰੱਖਿਆ ਗਾਰਡ ਦੀ ਭੂਮਿਕਾ ਵੀ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਹੀ ਹੈ।”
ਉਨ੍ਹਾਂ ਅੱਗੇ ਕਿਹਾ, “ਦੋਸ਼ੀ ਦੇ ਮੋਬਾਈਲ ਫੋਨਾਂ ਤੋਂ ਬਰਾਮਦ ਕੀਤੇ ਗਏ ਆਵਾਜ਼ ਦੇ ਨਮੂਨਿਆਂ ਦੀ ਜਾਂਚ ਰਿਪੋਰਟ ਦੀ ਉਡੀਕ ਹੈ। ਰਿਪੋਰਟ ਮਿਲਣ ਤੋਂ ਬਾਅਦ ਅਸੀਂ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰਾਂਗੇ।”
ਜ਼ਿਕਰਯੋਗ ਹੈ ਕਿ ਇਹ ਘਟਨਾ 25 ਜੂਨ ਦੀ ਹੈ, ਜਦੋਂ ਪਹਿਲੇ ਸਾਲ ਵਿੱਚ ਪੜ੍ਹਣ ਵਾਲੀ ਕਾਲਜ ਦੀ ਵਿਦਿਆਰਥਣ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਸਾਬਕਾ ਵਿਦਿਆਰਥੀ ਅਤੇ ਦੋ ਹੋਰ ਸੀਨੀਅਰ ਵਿਦਿਆਰਥੀਆਂ ਨੇ ਕੈਂਪਸ ਵਿੱਚ ਉਸ ਨਾਲ ਜਬਰ-ਜਨਾਹ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਵਿੱਚ ਲਾਪਰਵਾਹੀ ਦੇ ਦੋਸ਼ ਵਿੱਚ ਇੱਕ ਕਾਲਜ ਸੁਰੱਖਿਆ ਗਾਰਡ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।