Kolkata case: ਸੰਜੈ ਰਾਏ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ
* ਅਦਾਲਤ ਨੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ
ਕੋਲਕਾਤਾ, 20 ਜਨਵਰੀ
ਇੱਥੋਂ ਦੀ ਸਿਆਲਦਾਹ ਅਦਾਲਤ ਨੇ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਟਰੇਨੀ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ਵਿਚ ਦੋਸ਼ੀ ਠਹਿਰਾਏ ਸੰਜੈ ਰਾਏ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਸੀਬੀਆਈ ਨੇ ਹਾਲਾਂਕਿ ਰਾਏ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਅਦਾਲਤ ਨੇ ਸੂੁਬਾ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਪੀੜਤ ਮਹਿਲਾ ਡਾਕਟਰ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 17 ਲੱਖ ਰੁਪਏ ਦੀ ਅਦਾਇਗੀ ਕਰੇ।
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਿਰਬਾਨ ਦਾਸ ਨੇ ਕਿਹਾ ਕਿ ਇਹ ਅਪਰਾਧ ‘ਵਿਰਲਿਆਂ ’ਚੋਂ ਵਿਰਲੇ’ ਵਰਗ ਵਿਚ ਨਹੀਂ ਆਉਂਦਾ ਜੋ ਦੋਸ਼ੀ ਨੂੰ ਮੌਤ ਦੀ ਸਜ਼ਾ ਨਾ ਦੇਣ ਦਾ ਇਕ ਕਾਰਨ ਹੈ। ਅਦਾਲਤ ਨੇ ਰਾਏ ਨੂੰ ਬੀਐੱਨਐੱਸ ਦੀ ਧਾਰਾ 64, 66 ਤੇ 103 (1) ਤਹਿਤ ਦੋਸ਼ੀ ਠਹਿਰਾਇਆ ਸੀ। ਜੱਜ ਨੇ ਫ਼ੈਸਲੇ ’ਚ ਕਿਹਾ, ‘ਸੀਬੀਆਈ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਬਚਾਅ ਪੱਖ ਦੇ ਵਕੀਲ ਨੇ ਮੰਗ ਕੀਤੀ ਕਿ ਮੌਤ ਦੀ ਸਜ਼ਾ ਮਗਰੋਂ ਜੇਲ੍ਹ ਦੀ ਸਜ਼ਾ ਦਿੱਤੀ ਜਾਵੇ। ਇਹ ਅਪਰਾਧ ਵਿਰਲਿਆਂ ’ਚੋਂ ਵਿਰਲੇ ਅਪਰਾਧ ਦੀ ਸ਼੍ਰੇਣੀ ’ਚ ਨਹੀਂ ਆਉਂਦਾ।’ ਜੱਜ ਨੇ ਕਿਹਾ ਕਿ ਰਾਏ ਨੂੰ ਇਸ ਫ਼ੈਸਲੇ ਖ਼ਿਲਾਫ਼ ਕਲਕੱਤਾ ਹਾਈ ਕੋਰਟ ’ਚ ਅਪੀਲ ਕਰਨ ਦਾ ਅਧਿਕਾਰ ਹੈ ਅਤੇ ਲੋੜ ਪੈਣ ’ਤੇ ਉਸ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। -ਪੀਟੀਆਈ
ਉਮਰ ਕੈਦ ਦੀ ਸਜ਼ਾ ‘ਨਿਆਂ ਦਾ ਮਜ਼ਾਕ’: ਭਾਜਪਾ
ਨਵੀਂ ਦਿੱਲੀ:
ਭਾਜਪਾ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਆਲੋਚਨਾ ਕਰਦਿਆਂ ਇਸ ਨੂੰ ‘ਨਿਆਂ ਦਾ ਮਜ਼ਾਕ’ ਕਰਾਰ ਦਿੱਤਾ। ਪਾਰਟੀ ਨੇ ਕਿਹਾ ਕਿ ਨਿਆਂ ਨਾ ਸਿਰਫ਼ ਕੀਤਾ ਜਾਣਾ ਚਾਹੀਦਾ ਹੈ ਬਲਕਿ ਹੁੰਦੇ ਹੋਏ ਵੀ ਦਿਖਾਈ ਦੇਣਾ ਚਾਹੀਦਾ ਹੈ। ਭਾਜਪਾ ਆਗੂ ਅਮਿਤ ਮਾਲਵੀਆ ਨੇ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਅਤੇ ਜਾਂਚ ਏਜੰਸੀਆਂ ਤੋਂ ਕਥਿਤ ਤੌਰ ’ਤੇ ਸਬੂਤ ਨਸ਼ਟ ਕਰਨ ਲਈ ਕੋਲਕਾਤਾ ਦੇ ਤਤਕਾਲੀ ਕਮਿਸ਼ਨਰ ਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ। -ਪੀਟੀਆਈ
ਮੈਂ ਨਿਰਦੋਸ਼ ਹਾਂ...ਮੈਨੂੰ ਫਸਾਇਆ ਗਿਆ: ਸੰਜੈ ਰਾਏ
ਕੋਲਕਾਤਾ:
ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਦੋਸ਼ੀ ਸੰਜੈ ਰਾਏ ਅੱਜ ਦਾਅਵਾ ਕੀਤਾ ਕਿ ਉਹ ਨਿਰਦੋਸ਼ ਹੈ ਤੇ ਉਸ ਨੂੰ ਗ਼ਲਤ ਢੰਗ ਨਾਲ ਫ਼ਸਾਇਆ ਗਿਆ ਹੈ। ਰਾਏ ਨੇ ਅਦਾਲਤ ਨੂੰ ਕਿਹਾ, ‘‘ਮੈਨੂੰ ਫ਼ਸਾਇਆ ਗਿਆ ਹੈ ਤੇ ਮੈਂ ਕੋਈ ਅਪਰਾਧ ਨਹੀਂ ਕੀਤਾ। ਮੈਂ ਕੁਝ ਵੀ ਨਹੀਂ ਕੀਤਾ ਤੇ ਇਸ ਦੇ ਬਾਵਜੂਦ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।’’ -ਪੀਟੀਆਈ
ਪੀੜਤ ਪਰਿਵਾਰ ਵੱਲੋਂ ਲੜਾਈ ਜਾਰੀ ਰੱਖਣ ਦਾ ਫ਼ੈਸਲਾ
ਕੋਲਕਾਤਾ:
ਮ੍ਰਿਤਕ ਡਾਕਟਰ ਦੇ ਪੀੜਤ ਪਰਿਵਾਰ ਨੇ ਅੱਜ ਕਿਹਾ ਕਿ ਉਹ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਤੋਂ ਸੰਤੁਸ਼ਤ ਨਹੀਂ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਅੱਧੀ-ਅਧੂਰੀ ਕੀਤੀ ਗਈ ਹੈ ਅਤੇ ਕਈ ਹੋਰ ਅਪਰਾਧੀਆਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਨਿਆਂ ਲਈ ਉੱਪਰਲੀ ਅਦਾਲਤ ’ਚ ਜਾਣਗੇ। -ਪੀਟੀਆਈ
ਫ਼ੈਸਲੇ ਤੋਂ ਸੰਤੁਸ਼ਟ ਨਹੀਂ: ਮਮਤਾ ਬੈਨਰਜੀ
ਕੋਲਕਾਤਾ:
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਿਆਲਦਾਹ ਅਦਾਲਤ ਦੇ ਫ਼ੈਸਲੇ ਮਗਰੋਂ ਅੱਜ ਦਾਅਵਾ ਕੀਤਾ ਕਿ ਕੇਸ ਦੀ ਜਾਂਚ ਦਾ ਜ਼ਿੰਮਾ ਕੋਲਕਾਤਾ ਪੁਲੀਸ ਤੋਂ ਜਬਰੀ ਲੈ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇ ਜਾਂਚ ਦਾ ਜ਼ਿੰਮਾ ਕੋਲਕਾਤਾ ਪੁਲੀਸ ਕੋਲ ਹੀ ਰਹਿੰਦਾ ਤਾਂ ਉਸ (ਸੰਜੈ ਰਾਏ) ਨੂੰ ਯਕੀਨੀ ਤੌਰ ’ਤੇ ਮੌਤ ਦੀ ਸਜ਼ਾ ਸੁਣਾਈ ਜਾਂਦੀ। ਉਨ੍ਹਾਂ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੀਬੀਆਈ ਜਾਂਚ ’ਤੇ ਸਵਾਲ ਚੁੱਕੇ ਤੇ ਕਿਹਾ ਕਿ ਉਹ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹਨ। -ਪੀਟੀਆਈ