ਕੋਲਕਾਤਾ: ਹਸਪਤਾਲ ਅਤੇ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਕੋਲਕਾਤਾ, 18 ਜੂਨ
ਕੋਲਕਾਤਾ ਦੇ ਐੱਸਐੱਸਕੇਐੱਮ ਮੈਡੀਕਲ ਕਾਲਜ ਅਤੇ ਹਸਪਤਾਲ ਸਮੇਤ ਰਬਿੰਦਰ ਭਾਰਤੀ ਯੂਨੀਵਰਸਿਟੀ ਨੂੰ ਅੱਜ ਈਮੇਲ ਰਾਹੀਂ ਟਾਈਮ ਬੰਬ ਹੋਣ ਦੀ ਧਮਕੀ ਮਿਲੀ। ਅਧਿਕਾਰੀਆਂ ਨੇ ਕਿਹਾ ਸੂਚਨਾ ਮਿਲਦਿਆਂ ਹੀ ਬੰਬ ਨਿਰੋਧਕ ਦਸਤੇ ਅਤੇ ਪੁਲੀਸ ਸਮੇਤ ਡੌਗ ਸਕੁਐਡ ਉਨ੍ਹਾਂ ਥਾਵਾਂ ’ਤੇ ਪੁੱਜ ਗਈ ਸੀ। ਮੌਕੇ ਤੋਂ ਕੀਤੀ ਛਾਣਬੀਣ ਉਪਰੰਤ ਉੱਥੋ ਅਜਿਹਾ ਕੁੱਝ ਵੀ ਬਰਾਮਦ ਨਹੀਂ ਹੋਇਆ। ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਆਈਪੀ ਅਤੇ ਈਮੇਲ ਖਾਤੇ ਰਾਹੀਂ ਧਮਕੀ ਭੇਜਣ ਵਾਲੇ ਦੀ ਪਛਾਣ ਕਰਨ ਲਈ ਕਾਰਵਾਈ ਆਰੰਭੀ ਗਈ ਹੈ। -ਆਈਏਐਨਐਸ
ਰਾਜਸਥਾਨ: ਇੱਕ ਨਿੱਜੀ ਕਾਲਜ ਨੂੰ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀਜੈਪੁਰ ਦੇ ਇੱਕ ਨਿੱਜੀ ਕਾਲਜ ਨੂੰ ਮੰਗਲਵਾਰ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹਾਲਾਂਕਿ ਪੁਲੀਸ ਟੀਮ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਕੀਤੀ ਕਾਲਜ ਦੀ ਤਲਾਸ਼ੀ ਦੌਰਾਨ ਅਜਿਹਾ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਸਤਰੀ ਨਗਰ ਸਥਿਤ ਐੱਸਐੱਸਜੀ ਪਾਰਿਕ ਪੀਜੀ ਕਾਲਜ ਨੂੰ ਇੱਕ ਈਮੇਲ ਮਿਲੀ ਸੀ ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਕਾਲਜ ਦੇ ਅਹਾਤੇ ਵਿੱਚ ਬੰਬ ਲਾਇਆ ਗਿਆ ਹੈ। ਇਹ ਈਮੇਲ 'ਕੇਐੱਨਆਰ' ਗਰੁੱਪ ਦੇ ਨਾਮ ਤੋਂ ਭੇਜੀ ਗਈ ਸੀ। ਇਹ ਉਹ ਗਰੁੱਪ ਹੈ ਜਿਸ ਨੇ ਪਿਛਲੇ ਮਹੀਨੇ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭੇਜਣ ਦੀ ਜ਼ਿੰਮੇਵਾਰੀ ਵੀ ਲਈ ਹੈ। ਪੁਲੀਸ ਨੇ ਕਿਹਾ ਈਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ