ਕਿਸ਼ਤਵਾੜ: 33 ਲਾਪਤਾ ਵਿਅਕਤੀਆਂ ਦੀ ਭਾਲ ਜਾਰੀ
ਜੰਮੂ ਕਸ਼ਮੀਰ ’ਚ ਬੱਦਲ ਫਟਣ ਦੀ ਘਟਨਾ ਕਾਰਨ ਪ੍ਰਭਾਵਿਤ ਕਿਸ਼ਤਵਾੜ ਜ਼ਿਲ੍ਹੇ ’ਚ ਲਾਪਤਾ 33 ਵਿਅਕਤੀਆਂ ਦਾ ਪਤਾ ਲਾਉਣ ਲਈ ਕਈ ਏਜੰਸੀਆਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਅੱਜ ਅੱਠਵੇਂ ਦਿਨ ਵੀ ਜਾਰੀ ਰਹੀ। ਮਚੈਲ ਮਾਤਾ ਮੰਦਰ ਦੇ ਰਾਹ ’ਚ ਪੈਂਦੇ ਆਖਰੀ ਪਿੰਡ ’ਚ 14 ਅਗਸਤ ਨੂੰ ਆਈ ਕੁਦਰਤੀ ਆਫ਼ਤ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ 65 ਹੋ ਗਈ ਹੈ ਜਿਨ੍ਹਾਂ ’ਚ ਸੀਆਈਐੱਸਐੱਫ ਦੇ ਤਿੰਨ ਮੁਲਾਜ਼ਮ ਤੇ ਜੰਮੂ ਕਸ਼ਮੀਰ ਪੁਲੀਸ ਦਾ ਇੱਕ ਵਿਸ਼ੇਸ਼ ਪੁਲੀਸ ਅਧਿਕਾਰੀ (ਐੱਸਪੀਓ) ਵੀ ਸ਼ਾਮਲ ਹੈ। ਇਸ ਘਟਨਾ ’ਚ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਲਾਪਤਾ 33 ਵਿਅਕਤੀਆਂ ਦਾ ਪਤਾ ਲਾਉਣ ਲਈ ਵੱਖ ਵੱਖ ਏਜੰਸੀਆਂ ਵੱਲੋਂ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਸਭ ਤੋਂ ਵੱਧ ਪ੍ਰਭਾਵਿਤ ਥਾਵਾਂ ’ਤੇ ਵੱਖ ਵੱਖ ਟੀਮਾਂ ਮੁਹਿੰਮ ਚਲਾ ਰਹੀਆਂ ਹਨ।’ ਮੁਹਿਮ ਨੂੰ ਤਿੰਨ ਥਾਵਾਂ ਲੰਗਰ ਨੇੜਲੇ ਪ੍ਰਭਾਵਿਤ ਖੇਤਰ, ਉਹ ਖੇਤਰ ਜਿੱਥੇ ਘਰ ਰੁੜ੍ਹ ਗਏ ਹਨ ਅਤੇ ਗੁਲਾਬਗੜ੍ਹ-ਪੱਡਾਰ ਖੇਤਰ ’ਚ ਭੁਆਟ ਨਾਲਾ, ’ਚ ਕੇਂਦਰਿਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਥਾਵਾਂ ’ਤੇ ਪੁਲੀਸ, ਸੈਨਾ, ਐੱਨਡੀਆਰਐੱਫ, ਐੱਸਡੀਆਰਐੱਫ, ਸੀਆਈਐੱਸਐੱਫ, ਬੀਆਰਓ, ਸਿਵਲ ਪ੍ਰਸ਼ਾਸਨ ਤੇ ਸਥਾਨਕ ਵਾਲੰਟਰੀਅਰ ਸਾਂਝੇ ਤੌਰ ’ਤੇ ਰਾਹਤ ਤੇ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਅੰਦਰ ਦੋ ਲਾਸ਼ਾਂ ਬਰਾਮਦ ਹੋਣ ਮਗਰੋਂ ਇੱਕ ਟੀਮ ਚਿਸ਼ੋਤੀ ਤੋਂ ਗੁਲਾਬਗੜ੍ਹ ਤੱਕ ਪੂਰੇ 22 ਕਿਲੋਮੀਟਰ ਦੇ ਖੇਤਰ ਵਿੱਚ ਮੁੁਹਿੰਮ ਚਲਾ ਰਹੀ ਹੈ। ਬਚਾਅ ਕਾਰਜਾਂ ’ਚ ਮਦਦ ਲਈ ਚਿਸ਼ੋਤੀ ’ਚ ਵਿਸ਼ੇਸ਼ ਟਰੱਕ ਤਾਇਨਾਤ ਕੀਤੇ ਗਏ ਹਨ।