Kishtwar cloudburst: ਮਹਿਲਾ ਦੀ ਲਾਸ਼ ਮਿਲਣ ਨਾਲ ਮੌਤਾਂ ਦੀ ਗਿਣਤੀ ਵਧ ਕੇ 64 ਹੋਈ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਬੱਦਲ ਫਟਣ ਨਾਲ ਪ੍ਰਭਾਵਿਤ ਚਸੋਤੀ ਪਿੰਡ ਵਿੱਚੋਂ ਇੱਕ ਔਰਤ ਦੀ ਲਾਸ਼ ਬਰਾਮਦ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 64 ਹੋ ਗਈ ਹੈ। ਮੰਗਲਵਾਰ ਨੂੰ ਵਿਆਪਕ ਬਚਾਅ ਅਤੇ ਰਾਹਤ ਕਾਰਜ ਛੇਵੇਂ ਦਿਨ ਵਿੱਚ ਦਾਖਲ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਮੌਸਮ ਵਿੱਚ ਸੁਧਾਰ ਦੇ ਨਾਲ ਰਾਹਤ ਤੇ ਬਚਾਅ ਕਾਰਜਾਂ ਤੇਜ਼ੀ ਆਈ ਹੈ ਤੇ ਅੱਜ ਸਵੇਰੇ ਸੜੀ ਹੋਈ ਲਾਸ਼ ਹੇਠਾਂ ਵੱਲ ਦੇਖੀ ਗਈ ਅਤੇ ਬਾਅਦ ਵਿੱਚ ਬਚਾਅ ਕਰਮਚਾਰੀਆਂ ਨੇ ਇਸ ਨੂੰ ਬਾਹਰ ਕੱਢਿਆ। ਸੂਹੀਆ ਕੁੱਤਿਆਂ ਨੇ ਇੱਕ ਢਹਿ-ਢੇਰੀ ਹੋਏ ਘਰ ਦੇ ਮਲਬੇ ਹੇਠੋਂ ਇਕ ਹੋਰ ਲਾਸ਼ ਲੱਭਣ ਵਿਚ ਮਦਦ ਕੀਤੀ। ਬਚਾਅ ਟੀਮਾਂ ਕਈ ਥਾਵਾਂ ਖਾਸ ਕਰਕੇ ਲੰਗਰ ਸਥਾਨ ਨੇੜੇ ਕੰਮ ਕਰ ਰਹੀਆਂ ਹਨ, ਜਿਸ ਨੂੰ ਸਭ ਤੋਂ ਵੱਧ ਮਾਰ ਪਈ ਸੀ। ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਮਲਬਾ ਸਾਫ਼ ਕੀਤਾ ਜਾ ਰਿਹਾ ਹੈ।
ਇੱਕ ਹੋਰ ਲਾਸ਼ ਮਿਲਣ ਦੇ ਨਾਲ 14 ਅਗਸਤ ਨੂੰ ਮਚੈਲ ਮਾਤਾ ਮੰਦਰ ਨੂੰ ਜਾਣ ਵਾਲੇ ਆਖਰੀ ਪਿੰਡ ਚਸੋਤੀ, ਜਿੱਥੇ ਕਿਸੇ ਵਾਹਨ ਰਾਹੀਂ ਪਹੁੰਚਿਆ ਜਾ ਸਕਦਾ ਸੀ, ਵਿੱਚ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 64 ਹੋ ਗਈ ਹੈ। ਮ੍ਰਿਤਕਾਂ ਵਿੱਚ ਤਿੰਨ ਸੀਆਈਐਸਐਫ ਕਰਮਚਾਰੀ ਅਤੇ ਜੰਮੂ-ਕਸ਼ਮੀਰ ਪੁਲੀਸ ਦਾ ਇੱਕ ਵਿਸ਼ੇਸ਼ ਪੁਲੀਸ ਅਧਿਕਾਰੀ (ਐਸਪੀਓ) ਸ਼ਾਮਲ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕੁੱਲ 167 ਵਿਅਕਤੀਆਂ ਨੂੰ ਬਚਾਇਆ ਗਿਆ, ਜਦੋਂ ਕਿ ਲਾਪਤਾ ਵਿਅਕਤੀਆਂ ਦੀ ਗਿਣਤੀ ਘੱਟ ਕੇ 39 ਰਹਿ ਗਈ ਹੈ। ਐੱਸਡੀਆਰਐੱਫ ਦੇ ਡਿਪਟੀ ਸੁਪਰਡੈਂਟ, ਮਸੂਫ ਅਹਿਮਦ ਮਿਰਜ਼ਾ ਨੇ ਕਿਹਾ ਕਿ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਖੇਤਰ ਦੀ ਜਾਂਚ ਕਰਨ ਲਈ ਇੱਕ ਟੀਮ ਨੂੰ ਹੇਠਾਂ ਵੱਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਬਚਾਅ ਕਾਰਜ ਅੱਜ ਸਵੇਰੇ ਇੱਕ ਹੋਰ ਲਾਸ਼ ਦੀ ਬਰਾਮਦਗੀ ਨਾਲ ਮੁੜ ਸ਼ੁਰੂ ਹੋਇਆ। ਬੱਦਲ ਫਟਣ ਦੀ ਮਾਰ ਹੇਠ ਆਇਆ ਇਲਾਕਾ ਬਹੁਤ ਵੱਡਾ ਹੈ, ਜਿਸ ਕਰਕੇ ਸਮਾਂ ਲੱਗ ਰਿਹਾ ਹੈ। ਅਸੀਂ ਉੱਪਰ ਵੱਲ ਇੱਕ ਵੱਡੇ ਖੇਤਰ ਨੂੰ ਸਾਫ਼ ਕਰ ਦਿੱਤਾ ਹੈ ਅਤੇ ਹੁਣ ਅਸੀਂ ਹੇਠਾਂ ਵੱਲ ਵੀ ਇੱਕ ਟੀਮ ਭੇਜ ਰਹੇ ਹਾਂ।’’
ਫੌਜ ਦੀ ਜੰਮੂ-ਅਧਾਰਤ ਵ੍ਹਾਈਟ ਨਾਈਟ ਕੋਰ ਨੇ ਸੋਮਵਾਰ ਨੂੰ X ’ਤੇ ਇੱਕ ਪੋਸਟ ਵਿੱਚ ਕਿਹਾ ਕਿ ਫੋਰਸ ਦੇ ਪੰਜ ਰਾਹਤ ਕਾਲਮ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ ਅਤੇ ਵਾਧੂ ਮੈਡੀਕਲ ਟੀਮਾਂ ਤਾਇਨਾਤ ਕਰਕੇ ਯਤਨ ਹੋਰ ਤੇਜ਼ ਕਰ ਦਿੱਤੇ ਗਏ ਹਨ। ਬੱਦਲ ਫਟਣ ਕਾਰਨ ਆਏ ਹੜ੍ਹਾਂ ਨੇ ਪਿੱਛੇ ਤਬਾਹੀ ਦਾ ਇੱਕ ਨਿਸ਼ਾਨ ਛੱਡ ਦਿੱਤਾ। ਪਾਣੀ ਦਾ ਸੈਲਾਬ ਅਸਥਾਈ ਬਾਜ਼ਾਰ, ਸਾਲਾਨਾ ਮਚੈਲ ਮਾਤਾ ਯਾਤਰਾ ਲਈ ਬਣੇ ਇੱਕ ਲੰਗਰ ਸਥਾਨ, 16 ਘਰਾਂ ਅਤੇ ਸਰਕਾਰੀ ਇਮਾਰਤਾਂ, ਤਿੰਨ ਮੰਦਰਾਂ, ਚਾਰ ਪਾਣੀ ਦੀਆਂ ਚੱਕੀਆਂ, ਇੱਕ 30 ਮੀਟਰ ਲੰਬੇ ਪੁਲ ਤੋਂ ਇਲਾਵਾ ਇੱਕ ਦਰਜਨ ਤੋਂ ਵੱਧ ਵਾਹਨਾਂ ਨੂੰ ਰੋੜ ਕੇ ਲੈ ਗਿਆ।