ਕਿਮ ਜੋਂਗ ਦੀ ਚੀਨ ਫੇਰੀ: ਚੌਕਸ ਟੀਮ ਨੇ ਡੀਐੱਨਏ ਟਰੇਸਿੰਗ ਤੋਂ ਬਚਣ ਲਈ ਹਰ ਜਗ੍ਹਾ ਨੂੰ ਸਾਫ ਕੀਤਾ
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਬੀਜਿੰਗ ਵਿੱਚ ਹਾਲ ਹੀ ਵਿੱਚ ਹੋਈ ਮੁਲਾਕਾਤ ਇੱਕ ਅਜੀਬ ਨਜ਼ਾਰੇ ਨਾਲ ਖਤਮ ਹੋਈ। ਉਸ ਦੇ ਸਹਾਇਕਾਂ ਨੇ ਤੁਰੰਤ ਹਰ ਉਸ ਸਤ੍ਵਾ ਨੂੰ ਪੂੰਝਿਆ ਜਿਸ ਨੂੰ ਉਨ੍ਹਾਂ ਨੇ ਛੂਹਿਆ ਸੀ।
ਸੋਸ਼ਲ ਮੀਡੀਆ 'ਤੇ ਫੁਟੇਜ ਵਿੱਚ ਕਿਮ ਦੇ ਸਟਾਫ਼ ਨੂੰ ਉਨ੍ਹਾਂ ਦੀ ਕੁਰਸੀ ਦੇ ਪਿਛਲੇ ਪਾਸੇ, ਆਰਮਰੈਸਟ, ਸਾਈਡ ਟੇਬਲ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹੋਏ ਅਤੇ ਉਨ੍ਹਾਂ ਦੇ ਪੀਣ ਵਾਲੇ ਗਲਾਸ ਨੂੰ ਇੱਕ ਟ੍ਰੇ 'ਤੇ ਰੱਖਦੇ ਹੋਏ ਦਿਖਾਇਆ ਗਿਆ ਹੈ। ਰੂਸੀ ਪੱਤਰਕਾਰ ਅਲੈਗਜ਼ੈਂਡਰ ਯੁਨਾਸ਼ੇਵ ਨੇ ਕਿਹਾ, "ਉਨ੍ਹਾਂ ਨੇ ਉਹ ਗਲਾਸ ਚੁੱਕ ਲਿਆ ਜਿਸ ਤੋਂ ਉਨ੍ਹਾਂ ਨੇ ਪਾਣੀ ਪੀਤਾ ਸੀ, ਕੁਰਸੀ ਅਤੇ ਫਰਨੀਚਰ ਦੇ ਉਹ ਹਿੱਸੇ ਪੂੰਝੇ ਜਿਨ੍ਹਾਂ ਨੂੰ ਕੋਰੀਆਈ ਨੇਤਾ ਨੇ ਛੂਹਿਆ ਸੀ।"
ਉਨ੍ਹਾਂ ਕਿਹਾ ਕਿ ਸਫ਼ਾਈ ਦੀਆਂ ਇਨ੍ਹਾਂ ਸਾਵਧਾਨੀਆਂ ਦੇ ਬਾਵਜੂਦ, ਮੀਟਿੰਗ ਸਕਾਰਾਤਮਕ ਤੌਰ ’ਤੇ ਖਤਮ ਹੋਈ, ਜਿਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ 'ਬਹੁਤ ਸੰਤੁਸ਼ਟ' ਹੋ ਕੇ ਚਾਹ ਸਾਂਝੀ ਕੀਤੀ।
ਹਾਲਾਂਕਿ ਇਸ ਤਰ੍ਹਾਂ ਦੀ ਫੋਰੈਂਸਿਕ-ਪੱਧਰੀ ਸਫ਼ਾਈ ਪਿੱਛੇ ਦਾ ਮਕਸਦ ਸਪੱਸ਼ਟ ਨਹੀਂ ਹੈ, ਪਰ ਵਿਸ਼ਲੇਸ਼ਕਾਂ ਦਾ ਸੁਝਾਅ ਹੈ ਕਿ ਇਹ ਕਿਮ ਦੇ ਜਾਸੂਸੀ ਦੇ ਡਰ ਨੂੰ ਦਰਸਾਉਂਦਾ ਹੈ, ਭਾਵੇਂ ਉਹ ਰੂਸ ਦੀਆਂ ਸੁਰੱਖਿਆ ਸੇਵਾਵਾਂ ਤੋਂ ਹੋਵੇ ਜਾਂ ਚੀਨ ਦੀ ਨਿਗਰਾਨ ਏਜੰਸੀ ਤੋਂ ਹੋਵੇ। ਇਹ ਉਨ੍ਹਾਂ ਦੇ ਜੈਵਿਕ ਨਿਸ਼ਾਨ ਨੂੰ ਸੁਰੱਖਿਅਤ ਰੱਖਣ ਬਾਰੇ ਵੀ ਵਿਆਪਕ ਚਿੰਤਾਵਾਂ ਨੂੰ ਦਰਸਾਉਂਦਾ ਹੈ।
ਇਸ ਤਰ੍ਹਾਂ ਦੀਆਂ ਸਾਵਧਾਨੀਆਂ ਸਿਰਫ਼ ਕਿਮ ਲਈ ਹੀ ਵਿਲੱਖਣ ਨਹੀਂ ਹਨ। ਪੂਤਿਨ ਖੁਦ ਵੀ ਸਖਤ ਬਾਇਓਸੁਰੱਖਿਆ ਉਪਾਵਾਂ ਦੀ ਪਾਲਣਾ ਕਰਦੇ ਹਨ, ਜਿਸ ਵਿੱਚ ਵਿਦੇਸ਼ੀ ਯਾਤਰਾਵਾਂ ਦੌਰਾਨ ਆਪਣੇ ਸਰੀਰ ਰੱਖਿਅਕਾਂ ਦੁਆਰਾ ਆਪਣਾ ਪਿਸ਼ਾਬ ਅਤੇ ਮਲ ਇਕੱਠਾ ਕਰਵਾਉਣਾ ਅਤੇ ਢੋਆ-ਢੁਆਈ ਕਰਵਾਉਣਾ ਸ਼ਾਮਲ ਹੈ - ਇਹ ਅਭਿਆਸ ਘੱਟੋ-ਘੱਟ 2017 ਤੋਂ ਚੱਲ ਰਿਹਾ ਹੈ।
ਕਥਿਤ ਤੌਰ ’ਤੇ ਇਹ ਪ੍ਰੋਟੋਕੋਲ ਅਲਾਸਕਾ ਵਿੱਚ ਡੋਨਲਡ ਟਰੰਪ ਨਾਲ ਪੂਤਿਨ ਦੀ ਮੁਲਾਕਾਤ ਦੌਰਾਨ ਵੀ ਦੇਖਿਆ ਗਿਆ ਸੀ। ਸਿਖਰ ਸੰਮੇਲਨ ਦੌਰਾਨ ਕਿਮ ਨੇ ਮਾਸਕੋ ਲਈ ਮਜ਼ਬੂਤ ਸਮਰਥਨ ਪ੍ਰਗਟ ਕੀਤਾ, ‘‘ਜੇਕਰ ਤੁਹਾਡੇ ਅਤੇ ਰੂਸੀ ਲੋਕਾਂ ਲਈ ਮੈਂ ਕੁਝ ਵੀ ਕਰ ਸਕਦਾ ਹਾਂ ਜਾਂ ਕਰਨਾ ਚਾਹੀਦਾ ਹੈ, ਤਾਂ ਮੈਂ ਇਸਨੂੰ ਇੱਕ ਭਾਈਚਾਰੇ ਦੇ ਫਰਜ਼ ਵਜੋਂ ਮੰਨਦਾ ਹਾਂ।’’ ਪੂਤਿਨ ਨੇ ਬਦਲੇ ਵਿੱਚ ਕਿਮ ਨੂੰ ‘ਪਿਆਰੇ ਰਾਜ ਮਾਮਲਿਆਂ ਦੇ ਚੇਅਰਮੈਨ’ ਕਿਹਾ।
ਪੂਤਿਨ ਨੇ ਯੂਕਰੇਨ ਵਿੱਚ ਰੂਸ ਦਾ ਸਮਰਥਨ ਕਰਨ ਲਈ ਫੌਜ ਭੇਜਣ ਵਾਸਤੇ ਉੱਤਰੀ ਕੋਰੀਆ ਦਾ ਧੰਨਵਾਦ ਵੀ ਕੀਤਾ।
ਕਿਮ ਦੀ ਬੀਜਿੰਗ ਫੇਰੀ ਕੋਵਿਡ-19 ਮਹਾਂਮਾਰੀ ਤੋਂ ਬਾਅਦ ਚੀਨ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਸੀ। ਪੂਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਇਲਾਵਾ ਉਨ੍ਹਾਂ ਨੇ ਜਾਪਾਨ ਦੇ ਦੂਜੇ ਵਿਸ਼ਵ ਯੁੱਧ ਦੇ ਆਤਮ ਸਮਰਪਣ ਦੀ ਨਿਸ਼ਾਨਦੇਹੀ ਕਰਨ ਵਾਲੇ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਦੋ ਦਰਜਨ ਤੋਂ ਵੱਧ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕੀਤੀ। ਹੁਣ 2024 ਦੇ ਆਪਸੀ ਰੱਖਿਆ ਸਮਝੌਤੇ ਨਾਲ ਜੁੜੇ ਰੂਸ ਅਤੇ ਉੱਤਰੀ ਕੋਰੀਆ ਪਹਿਲਾਂ ਨਾਲੋਂ ਕਿਤੇ ਵੱਧ ਇਕਸੁਰਤਾ ਵਿੱਚ ਜਾਪਦੇ ਹਨ।
ਸੂਤਰਾਂ ਅਨੁਸਾਰ ਕਿਮ ਜੋਂਗ ਉਨ ਜਲਦ ਹੀ ਚੀਨੀ ਸਦਰ ਨਾਲ ਵੀ ਮੁਲਾਕਾਤ ਕਰਨਗੇ।