ਅਗਵਾ ਮਾਮਲਾ: ਪੂਜਾ ਖੇੜਕਰ ਦੇ ਪਿਤਾ ਨੂੰ ਅਗਾਊਂ ਜ਼ਮਾਨਤ ਮਿਲੀ
ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਸਾਬਕਾ ਆਈਏਐੱਸ ਪ੍ਰੋਬੇਸ਼ਨਰ ਪੂਜਾ ਖੇੜਕਰ ਦੇ ਪਿਤਾ ਦਿਲੀਪ ਖੇੜਕਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਖੇਡੜਰ 'ਤੇ ਪਿਛਲੇ ਮਹੀਨੇ ਇੱਕ ਸੜਕ 'ਤੇ ਟਕਰਾਅ (Road Rage) ਦੀ ਘਟਨਾ ਤੋਂ ਬਾਅਦ ਇੱਕ ਟਰੱਕ ਕਲੀਨਰ ਨੂੰ ਅਗਵਾ ਕਰਨ ਦਾ ਦੋਸ਼ ਹੈ।
ਜਸਟਿਸ ਐਨ ਆਰ ਬੋਰਕਰ ਦੇ ਬੈਂਚ ਨੇ ਪ੍ਰੀ-ਅਰੈਸਟ ਜ਼ਮਾਨਤ ਦਿੰਦੇ ਹੋਏ ਦਿਲੀਪ ਖੇੜਕਰ ਨੂੰ ਨਿਰਦੇਸ਼ ਦਿੱਤਾ ਕਿ ਉਹ ਕਲੀਨਰ ਪ੍ਰਹਲਾਦ ਕੁਮਾਰ ਨੂੰ ਛੇ ਹਫ਼ਤਿਆਂ ਦੇ ਅੰਦਰ 4 ਲੱਖ ਰੁਪਏ ਦੇਵੇ ਅਤੇ 1 ਲੱਖ ਰੁਪਿਆ ਪੁਲੀਸ ਭਲਾਈ ਫੰਡ ਵਿੱਚ ਜਮ੍ਹਾਂ ਕਰਵਾਏ।
ਨਵੀਂ ਮੁੰਬਈ ਦੀ ਸੈਸ਼ਨ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕੀਤੇ ਜਾਣ ਤੋਂ ਬਾਅਦ ਖੇੜਕਰ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।
ਪਿਛਲੇ ਮਹੀਨੇ 13 ਸਤੰਬਰ ਨੂੰ ਨਵੀਂ ਮੁੰਬਈ ਵਿੱਚ ਮੁਲੁੰਡ-ਐਰੋਲੀ ਰੋਡ ’ਤੇ ਕਥਿਤ ਘਟਨਾ ਵਾਪਰਨ ਤੋਂ ਬਾਅਦ ਤੋਂ ਉਹ ਫਰਾਰ ਸੀ।
ਐਫਆਈਆਰ ਦੇ ਅਨੁਸਾਰ ਇੱਕ ਸੀਮਿੰਟ-ਮਿਕਸਰ ਟਰੱਕ ਨੇ ਦਿਲੀਪ ਖੇੜਕਰ ਦੀ ਮਲਕੀਅਤ ਵਾਲੀ ਇੱਕ ਐਸਯੂਵੀ ਨੂੰ ਰਗੜ ਮਾਰੀ, ਜਿਸ ਤੋਂ ਬਾਅਦ, ਉਸ ਦੀ ਅਤੇ ਉਸਦੇ ਡਰਾਈਵਰ-ਕਮ-ਬਾਡੀਗਾਰਡ ਪ੍ਰਫੁੱਲ ਸਲੁੰਖੇ ਦੀ ਟਰੱਕ ਡਰਾਈਵਰ ਚੰਦਰਕੁਮਾਰ ਚਵਾਨ ਅਤੇ ਕਲੀਨਰ ਪ੍ਰਹਲਾਦ ਕੁਮਾਰ ਨਾਲ ਬਹਿਸ ਹੋ ਗਈ।
ਖੇਡਕਰ ਅਤੇ ਸਲੁੰਖੇ ਨੇ ਕਥਿਤ ਤੌਰ ’ਤੇ ਕੁਮਾਰ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਲਿਆ ਅਤੇ ਕਿਹਾ ਕਿ ਉਹ ਉਸ ਨੂੰ ਪੁਲੀਸ ਸਟੇਸ਼ਨ ਲੈ ਜਾ ਰਹੇ ਹਨ। ਟਰੱਕ ਡਰਾਈਵਰ ਵੱਲੋਂ ਵਾਰ-ਵਾਰ ਫੋਨ ਕਰਨ 'ਤੇ ਵੀ ਕੁਮਾਰ ਦਾ ਜਵਾਬ ਨਾ ਮਿਲਣ 'ਤੇ ਟਰੱਕ ਮਾਲਕ ਵਿਲਾਸ ਧੇਰਾਂਗੇ ਨੇ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਦੇ ਅਨੁਸਾਰ ਕੁਮਾਰ ਨੂੰ ਕਥਿਤ ਤੌਰ 'ਤੇ ਖੇੜਕਰ ਨੇ ਆਪਣੇ ਪੁਣੇ ਦੇ ਬੰਗਲੇ ਵਿੱਚ ਰੱਖਿਆ ਹੋਇਆ ਸੀ ਅਤੇ ਅਗਲੇ ਦਿਨ ਪੁਲਿਸ ਨੇ ਉਸਨੂੰ ਬਚਾਇਆ।
ਪੁਲੀਸ ਨੇ ਸਲੁੰਖੇ ਨੂੰ ਗ੍ਰਿਫਤਾਰ ਕਰ ਲਿਆ ਹੈ, ਅਤੇ ਉਹ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ।