ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੜਗੇ ਵੱਲੋਂ ਪੱਖਪਾਤੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼: ਚੋਣ ਕਮਿਸ਼ਨ

ਨਵੀਂ ਦਿੱਲੀ, 10 ਮਈ ਚੋਣ ਕਮਿਸ਼ਨ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਵਿਰੋਧੀ ਆਗੂਆਂ ਨੂੰ ਵੋਟ ਫ਼ੀਸਦ ਦੇ ਅੰਕੜਿਆਂ ਸਬੰਧੀ ਲਿਖੇ ਪੱਤਰ ਦਾ ਤਿੱਖਾ ਨੋਟਿਸ ਲੈਂਦਿਆਂ ਕਿਹਾ ਕਿ ਇਹ ਸਪੱਸ਼ਟੀਕਰਨ ਮੰਗਣ ਦੀ ਆੜ ਹੇਠ ਪੱਖਪਾਤੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਹੈ।...
ਇੰਡੀਆ ਗੱਠਜੋੜ ਦੇ ਆਗੂ ਨਵੀਂ ਦਿੱਲੀ ਵਿੱਚ ਚੋਣ ਕਮਿਸ਼ਨ ਨੂੰ ਮਿਲ ਕੇ ਆਉਂਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ
Advertisement

ਨਵੀਂ ਦਿੱਲੀ, 10 ਮਈ

ਚੋਣ ਕਮਿਸ਼ਨ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਵਿਰੋਧੀ ਆਗੂਆਂ ਨੂੰ ਵੋਟ ਫ਼ੀਸਦ ਦੇ ਅੰਕੜਿਆਂ ਸਬੰਧੀ ਲਿਖੇ ਪੱਤਰ ਦਾ ਤਿੱਖਾ ਨੋਟਿਸ ਲੈਂਦਿਆਂ ਕਿਹਾ ਕਿ ਇਹ ਸਪੱਸ਼ਟੀਕਰਨ ਮੰਗਣ ਦੀ ਆੜ ਹੇਠ ਪੱਖਪਾਤੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਹੈ। ਪੰਜ ਪੰਨਿਆਂ ਦੇ ਜਵਾਬ ’ਚ ਚੋਣ ਕਮਿਸ਼ਨ ਨੇ ਦੋ ਗੇੜਾਂ ਦੀ ਵੋਟਿੰਗ ਦਾ ਅੰਕੜਾ ਜਾਰੀ ਕਰਨ ’ਚ ਮਾੜੇ ਪ੍ਰਬੰਧਨ ਅਤੇ ਦੇਰੀ ਦੇ ਲਾਏ ਗਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਅਤੇ ਖੜਗੇ ਦੇ ਦੋਸ਼ਾਂ ਨੂੰ ਅਢੁੱਕਵਾਂ, ਤੱਥਹੀਣ ਅਤੇ ਭਰਮ ਫੈਲਾਉਣ ਲਈ ਪੱਖਪਾਤੀ ਤੇ ਜਾਣਬੁੱਝ ਕੇ ਕੀਤੀਆਂ ਗਈਆਂ ਕੋਸ਼ਿਸ਼ਾਂ ਕਰਾਰ ਦਿੱਤਾ। ਕਮਿਸ਼ਨ ਨੇ ਖੜਗੇ ਦੇ ਉਸ ਬਿਆਨ ਦੀ ਨਿੰਦਾ ਕੀਤੀ ਜਿਸ ’ਚ ਉਨ੍ਹਾਂ ਹੈਰਾਨੀ ਜਤਾਈ ਸੀ ਕਿ ਕੀ ਵੋਟਿੰਗ ਫ਼ੀਸਦ ਅੰਕੜਾ ਜਾਰੀ ਕਰਨ ’ਚ ਦੇਰੀ ‘ਅੰਤਿਮ ਨਤੀਜਿਆਂ ’ਚ ਹੇਰ-ਫੇਰ ਕਰਨ ਦੀ ਕੋਸ਼ਿਸ਼’ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੂੰ ਮੌਜੂਦਾ ਚੋਣ ਪ੍ਰਕਿਰਿਆ ਦਰਮਿਆਨ ਜਨਤਕ ਤੌਰ ’ਤੇ ਜਾਰੀ ਕੀਤਾ ਗਿਆ ਖੜਗੇ ਦਾ ਪੱਤਰ ਬੇਹੱਦ ਗ਼ੈਰ ਲੋੜੀਂਦਾ ਲੱਗਿਆ ਅਤੇ ਇਸ ਨੂੰ ਸੁਚਾਰੂ, ਨਿਰਪੱਖ ਅਤੇ ਆਜ਼ਾਦਾਨਾ ਚੋਣਾਂ ਦੇ ਅਮਲ ’ਚ ਭਰਮ, ਗਲਤ ਸੇਧ ਦੇਣ ਅਤੇ ਅੜਿੱਕਾ ਡਾਹੁਣ ਲਈ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਵੋਟਰਾਂ ਅਤੇ ਸਿਆਸੀ ਪਾਰਟੀਆਂ ਦੇ ਮਨਾਂ ’ਚ ਸ਼ੱਕ ਅਤੇ ਸੰਭਾਵਿਤ ਬਦਅਮਨੀ ਦੇ ਹਾਲਾਤ ਪੈਦਾ ਕਰ ਸਕਦਾ ਹੈ ਅਤੇ ਆਸ ਹੈ ਕਿ ਖੜਗੇ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ। -ਪੀਟੀਆਈ

Advertisement

‘ਇੰਡੀਆ’ ਗੱਠਜੋੜ ਦੇ ਆਗੂ ਚੋਣ ਕਮਿਸ਼ਨ ਨੂੰ ਮਿਲੇ

ਨਵੀਂ ਦਿੱਲੀ: ਚੋਣਾਂ ਦੇ ਪਹਿਲੇ ਦੋ ਗੇੜਾਂ ’ਚ ਵੋਟ ਫ਼ੀਸਦ ਦੇ ਅੰਕੜਿਆਂ ’ਤੇ ਸ਼ੰਕੇ ਖੜ੍ਹੇ ਕਰਦਿਆਂ ‘ਇੰਡੀਆ’ ਗੱਠਜੋੜ ਦੇ ਆਗੂਆਂ ਨੇ ਅੱਜ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਭਾਜਪਾ ਆਗੂਆਂ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵੀ ਲਾਏ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਵੱਖ ਵੱਖ ਧਿਰਾਂ ਦੇ ਆਗੂਆਂ ਨੂੰ ਇਸ ਸਬੰਧੀ ਪੱਤਰ ਲਿਖਿਆ ਸੀ। ਇਸ ਮਗਰੋਂ ਵਿਰੋਧੀ ਧਿਰਾਂ ਨੇ ਚੋਣ ਕਮਿਸ਼ਨ ਕੋਲ ਪਹੁੰਚ ਕਰਨ ਦਾ ਫ਼ੈਸਲਾ ਲਿਆ ਸੀ। ਉਂਜ ਚੋਣ ਕਮਿਸ਼ਨ ਨੇ ਪਹਿਲਾਂ ਹੀ ਖੜਗੇ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਖੜਗੇ ਵੱਲੋਂ ਜਤਾਏ ਗਏ ਖ਼ਦਸ਼ਿਆਂ ਦਾ ਬਚਾਅ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਸੰਵਿਧਾਨਕ ਤੌਰ ’ਤੇ ਜ਼ਿੰਮੇਵਾਰ ਅਦਾਰਾ ਹੈ ਅਤੇ ਉਸ ਨੇ ਸਾਰੀਆਂ ਸਿਆਸੀ ਪਾਰਟੀ ਨੂੰ ਇਕਸਾਰ ਮੌਕੇ ਦੇਣਾ ਯਕੀਨੀ ਬਣਾਉਣਾ ਹੈ। ਚੋਣ ਕਮਿਸ਼ਨ ਨਾਲ ਮੀਟਿੰਗ ਤੋਂ ਪਹਿਲਾਂ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ ਕਿ ਪੱਤਰ ਦੀ ਸਮੱਗਰੀ ਅਤੇ ਇਰਾਦਾ ਦੋਵੇਂ ਹੀ ਅਜਿਹੀ ਸੰਸਥਾ ਦੇ ਵੱਕਾਰ ’ਤੇ ਇੱਕ ਸਥਾਈ ਧੱਬਾ ਹੋਣਗੇ ਜਿਸ ਦੇ ਸੁਕੁਮਾਰ ਸੇਨ, ਟੀ ਐੱਨ ਸ਼ੇਸ਼ਨ, ਜੇ ਐੱਮ ਲਿੰਗਦੋਹ ਅਤੇ ਹੋਰ ਦਿੱਗਜ ਮੁੱਖ ਚੋਣ ਅਧਿਕਾਰੀਆਂ ’ਤੇ ਫ਼ਖ਼ਰ ਹੈ। -ਪੀਟੀਆਈ

Advertisement
Show comments