ਖਾਲਿਦ ਕੇਸ: ਗਵਾਹ ਦੇ ਬਿਆਨ ’ਤੇ ਸਵਾਲ ਉਠਾਏ
ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਦੇ ਵਕੀਲ ਨੇ ਅੱਜ ਦਿੱਲੀ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਵਿਰੁੱਧ ਕੋਈ ਅਪਰਾਧਕ ਦੋਸ਼ ਨਹੀਂ ਲਾਇਆ ਜਾ ਸਕਦਾ। ਵਕੀਲ ਨੇ ਵਧੀਕ ਸੈਸ਼ਨ ਜੱਜ ਸਮੀਰ ਬਾਜਪਾਈ ਅੱਗੇ ਇਹ ਦਲੀਲ ਫਰਵਰੀ 2020 ’ਚ ਦਿੱਲੀ ਦੰਗਿਆਂ ਦੀ ਕਥਿਤ ਸਾਜ਼ਿਸ਼ ਨਾਲ ਸਬੰਧਤ ਯੂ ਏ ਪੀ ਏ ਮਾਮਲੇ ’ਚ ਖਾਲਿਦ ਵਿਰੁੱਧ ਦੋਸ਼ ਤੈਅ ਕਰਨ ਦਾ ਵਿਰੋਧ ਕਰਦਿਆਂ ਦਿੱਤੀ।
ਖਾਲਿਦ ਵੱਲੋਂ ਪੇਸ਼ ਸੀਨੀਅਰ ਵਕੀਲ ਤ੍ਰਿਦੀਪ ਪਾਇਸ ਨੇ ਕਿਹਾ, ‘‘ਕਿਸੇ ਵੀ ਹਾਲਤ ’ਚ ਕੋਈ ਅਪਰਾਧਕ ਦੋਸ਼ ਨਹੀਂ ਲਾਇਆ ਜਾ ਸਕਦਾ, ਜਦੋਂ ਤੱਕ ਤੁਸੀਂ ਇਹ ਸਾਬਤ ਨਹੀਂ ਕਰਦੇ ਕਿ ਕਾਰਵਾਈਆਂ ਅਸਲ ’ਚ ਅਪਰਾਧਕ ਹਨ।’’ ਅਦਾਲਤ ’ਚ ਦਲੀਲਾਂ ਬੁੱਧਵਾਰ ਨੂੰ ਵੀ ਜਾਰੀ ਰਹਿਣਗੀਆਂ। ਖਾਲਿਦ ’ਤੇ ਇੱਕ ਵ੍ਹਟਸਐਪ ਗਰੁੱਪ ਦੇ ਮੈਂਬਰ ਹੋਣ ਦੇ ਦੋਸ਼ ਦਾ ਹਵਾਲਾ ਦਿੰਦੇ ਹੋਏ ਪਾਇਸ ਨੇ ਕਿਹਾ ਕਿ ਖਾਲਿਦ ਸਿਰਫ਼ ਗਰੁੱਪ ਦਾ ਮੈਂਬਰ ਸੀ ਤੇ ਉਸ ਨੇ ਕਦੇ ਕੋਈ ਸੁਨੇਹਾ ਨਹੀਂ ਭੇਜਿਆ। ਉਨ੍ਹਾਂ ਸਵਾਲ ਕੀਤਾ, ‘‘ਇਸ ਗਰੁੱਪ ’ਚ ਸ਼ਾਮਲ ਹੋਣਾ ਗੁਨਾਹ ਕਿਵੇਂ ਹੈ?’’ ਪਾਇਸ ਮੁਤਾਬਕ ਗਵਾਹਾਂ ਵਿੱਚੋਂ ਇੱਕ ਗਵਾਹ ‘ਬਾਂਡ’ ਨੇ ਵ੍ਹਟਸਐਪ ਗਰੁੱਪ ਵਿੱਚ ‘ਚੱਕਾ ਜਾਮ’ ਦਾ ਸੱਦਾ ਦਿੰਦਿਆਂ ਸੁਨੇਹਾ ਭੇਜਣ ਦੀ ਗੱਲ ਮੰਨੀ ਹੈ।
ਵਕੀਲ ਨੇ ਕਿਹਾ, ‘‘ਇਹ ਫ਼ੈਸਲਾ ਕਰਨਾ ਪਵੇਗਾ ਕਿ ਗਵਾਹ ਚੱਕਾ ਜਾਮ ਦੇ ਖ਼ਿਲਾਫ਼ ਹੈ ਜਾਂ ਹੱਕ ਵਿੱਚ। ‘ਬਾਂਡ’ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਗਵਾਹ ਦਾ ਬਿਆਨ ਵੀ ਮੇਰੇ ਮੁਵੱਕਿਲ ਦੀ ਗ੍ਰਿਫਤਾਰੀ ਤੋਂ ਇੱਕ ਮਹੀਨਾ ਪਹਿਲਾਂ ਦਰਜ ਕੀਤਾ ਗਿਆ ਸੀ।’’
