ਸੰਦੇਸ਼ਖਲੀ ਹਿੰਸਾ ਕੇਸਾਂ ਦਾ ਮੁੱਖ ਗਵਾਹ ਸੜਕ ਹਾਦਸੇ ’ਚ ਜ਼ਖਮੀ, ਪੁੱਤ ਤੇ ਡਰਾਈਵਰ ਦੀ ਮੌਤ
ਸੰਦੇਸ਼ਖਲੀ ਵਿਚ ਈਡੀ ਅਧਿਕਾਰੀਆਂ ’ਤੇ ਹਮਲੇ ਅਤੇ ਹੁਣ ਜੇਲ੍ਹ ਵਿੱਚ ਬੰਦ ਟੀਐੱਮਸੀ ਨੇਤਾ ਸ਼ੇਖ ਸ਼ਾਹਜਹਾਂ ਨਾਲ ਜੁੜੇ ਸੀਬੀਆਈ ਮਾਮਲਿਆਂ ਦੇ ਮੁੱਖ ਗਵਾਹਾਂ ਵਿੱਚੋਂ ਇੱਕ ਭੋਲਾਨਾਥ ਘੋਸ਼ ਬੁੱਧਵਾਰ ਨੂੰ ਸੜਕ ਹਾਦਸੇ ਵਿਚ ਜ਼ਖਮੀ ਹੋ ਗਿਆ। ਘੋਸ਼ ਦੀ ਕਾਰ ਦੀ ਪੱਛਮੀ ਬੰਗਾਲ ਦੇ ਨੌਰਥ 24 ਪਰਗਨਾ ਜ਼ਿਲ੍ਹੇ ਵਿਚ ਇਕ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿਚ ਘੋਸ਼ ਦੇ ਛੋਟੇ ਬੇਟੇ ਸੱਤਿਆਜੀਤ (32) ਤੇ ਕਾਰ ਦੇ ਡਰਾਈਵਰ ਸਾਹਾਨੁਰ ਮੌਲਾ (27) ਦੀ ਮੌਤ ਹੋ ਗਈ। ਹਾਦਸਾ ਬਸ਼ੀਰਹਾਟ ਵਿਚ ਨਾਜ਼ਤ ਪੁਲੀਸ ਥਾਣੇ ਅਧੀਨ ਆਉਂਦੇ ਬੋਇਰਾਮਾਰੀ ਪੈਟਰੋਲ ਪੰਪ ਨੇੜੇ ਬਸੰਤੀ ਹਾਈਵੇਅ ’ਤੇ ਹੋਇਆ।
ਪੁਲੀਸ ਅਧਿਕਾਰੀ ਨੇ ਕਿਹਾ ਕਿ 16 ਪਹੀਆਂ ਵਾਲਾ ਟਰੱਕ ਨਿੱਜੀ ਵਾਹਨ ਨੂੰ ਘਸੀਟ ਕੇ ਲੈ ਗਿਆ ਤੇ ਸੜਕ ਕੰਢੇ ਤਲਾਅ ਵਿਚ ਸੁੱਟ ਦਿੱਤਾ। ਹਾਦਸੇ ਮਗਰੋਂ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਬਸ਼ੀਰਹਾਟ ਦੇ ਪੁਲੀਸ ਸੁਪਰਡੈਂਟ ਹੁਸੈਨ ਮਹਿਦੀ ਰਹਿਮਾਨ ਨੇ ਪੁਸ਼ਟੀ ਕੀਤੀ ਕਿ ਜ਼ਖਮੀ ਘੋਸ਼ ਨੂੰ ਪਹਿਲਾਂ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਕੋਲਕਾਤਾ ਦੇ ਇੱਕ ਨਿੱਜੀ ਸਿਹਤ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ। ਬਾਅਦ ਵਿੱਚ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
