ਕੇਰਲਾ: ਪੰਚਾਇਤ ’ਤੇ ਲਾਵਾਰਿਸ ਕੁੱਤਿਆਂ ਨੂੰ ਮਾਰਨ ਦੇ ਦੋਸ਼ ਹੇਠ ਕੇਸ ਦਰਜ
ਪੁਲੀਸ ਨੇ ਪਸ਼ੂ ਅਧਿਕਾਰ ਕਾਰਕੁਨ ਦੀ ਸ਼ਿਕਾਇਤ ’ਤੇ ਕੀਤੀ ਕਾਰਵਾਈ
Advertisement
ਇਡੁੱਕੀ-ਆਧਾਰਿਤ ਪਸ਼ੂ ਅਧਿਕਾਰ ਕਾਰਕੁਨ ਨੇ ਮੰਨਾਰ ਦੀ ਪੰਚਾਇਤ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਕਾਰਕੁਨ ਦਾ ਦੋਸ਼ ਹੈ ਕਿ ਪੰਚਾਇਤ ਨੇ ਹਾਲ ਹੀ ਵਿੱਚ ਸੈਂਕੜੇ ਲਾਵਾਰਿਸ ਕੁੱਤਿਆਂ ਨੂੰ ਮਾਰਿਆ ਹੈ। ਇਸ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਅਤੇ ਕਈ ਟੀਵੀ ਚੈਨਲਾਂ ’ਤੇ ਵੀ ਦਿਖਾਈ ਗਈ ਹੈ, ਜਿਸ ਵਿੱਚ ਲਾਵਾਰਿਸ ਕੁੱਤਿਆਂ ਨੂੰ ਪੰਚਾਇਤ ਦੀ ਗੱਡੀ ਵਿੱਚ ਫੜ ਕੇ ਲਿਜਾਇਆ ਜਾ ਰਿਹਾ ਹੈ। ਸ਼ਿਕਾਇਤਕਰਤਾ ਨੇ ਇਹ ਦੋਸ਼ ਵੀ ਲਾਇਆ ਹੈ ਕਿ ਪੰਚਾਇਤ ਮੈਂਬਰਾਂ ਨੇ ਕੁੱਤਿਆਂ ਦੀਆਂ ਗੱਡੀਆਂ ਹੋਈਆਂ ਲਾਸ਼ਾਂ ਕੱਢ ਕੇ ਗੁਪਤ ਰੂਪ ਵਿੱਚ ਦੂਜੀ ਥਾਂ ਲਿਜਾਣ ਦੀ ਕੋਸ਼ਿਸ਼ ਕੀਤੀ ਸੀ। ਕਾਰਕੁਨ ਨੇ ਅੱਜ ਕਿਹਾ, ‘‘ਸਾਨੂੰ ਜਾਣਕਾਰੀ ਮਿਲੀ ਸੀ ਕਿ ਪੰਚਾਇਤ ਗੁਪਤ ਤਰੀਕੇ ਨਾਲ ਕੁੱਤਿਆਂ ਦੀਆਂ ਲਾਸ਼ਾਂ ਨੂੰ ਦੂਜੀ ਥਾਂ ਲਿਜਾ ਰਹੀ ਹੈ। ਇਸ ਜਾਣਕਾਰੀ ਦੇ ਆਧਾਰ ’ਤੇ ਹੀ ਅਸੀਂ ਸ਼ਿਕਾਇਤ ਦਰਜ ਕਰਵਾਈ।’’
ਇੱਕ ਪੁਲੀਸ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ, ਹਾਲਾਂਕਿ ਹੁਣ ਤੱਕ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਕੇਸ ਪੰਚਾਇਤ ਦੀ ਗੱਡੀ ਦੇ ਡਰਾਈਵਰ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਪੁਲੀਸ ਨੇ ਕਿਹਾ, ‘‘ਸਾਨੂੰ ਅਜੇ ਤੱਕ ਦੋਸ਼ਾਂ ਦੀ ਪੁਸ਼ਟੀ ਕਰਨ ਵਾਲਾ ਕੋਈ ਸਬੂਤ ਨਹੀਂ ਮਿਲਿਆ ਹੈ। ਜਾਂਚ ਜਾਰੀ ਹੈ।’’ ਇਹ ਕੇਸ ਭਾਰਤੀ ਨਿਆ ਸੰਹਿਤਾ ਦੀ ਧਾਰਾ 325 (ਜਾਨਵਰ ਨੂੰ ਮਾਰਨ ਜਾਂ ਜ਼ਖਮੀ ਕਰਨ ਨਾਲ ਸਬੰਧਿਤ ਸ਼ਰਾਰਤ) ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਐਕਟ ਦੇ ਉਪਬੰਧਾਂ ਤਹਿਤ ਦਰਜ ਕੀਤਾ ਗਿਆ ਹੈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਮੰਨਾਰ ਵਿੱਚ ਲਾਵਾਰਿਸ ਕੁੱਤਿਆਂ ਦੀ ਸਮੱਸਿਆ ਇੱਕ ਵੱਡੀ ਚਿੰਤਾ ਬਣੀ ਹੋਈ ਹੈ ਅਤੇ ਪੰਚਾਇਤ ਨੂੰ ਸਥਾਨਕ ਲੋਕਾਂ ਦੇ ਦਬਾਅ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Advertisement
Advertisement