ਕੇਰਲਾ ਦੇ ਸੰਸਦ ਮੈਂਬਰ ਪੀ ਸੰਦੋਸ਼ ਵੱਲੋਂ ਸ਼ਾਹ ਨੂੰ ਪੱਤਰ
ਪੰਜਾਬ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਕਾਮਰੇਡ ਪੀ ਸੰਦੋਸ਼ ਵੱਲੋਂ ਅੱਜ ਦਿੱਲੀ ਹੈੱਡਕੁਆਰਟਰ ਪਹੁੰਚ ਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖ ਕੇ ਹੜ੍ਹਾਂ ਨਾਲ ਪ੍ਰਭਾਵਿਤ ਪੰਜਾਬ ਦੀ ਮੁੜ ਉਸਾਰੀ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਗਈ ਹੈ।
ਗ੍ਰਹਿ ਮੰਤਰੀ ਨੂੰ ਚਿੱਠੀ ਭੇਜਣ ਉਪਰੰਤ ਕਾਮਰੇਡ ਪੀ.ਸੰਦੋਸ਼ ਵੱਲੋਂ ਇਹ ਚਿੱਠੀ ਮੀਡੀਆ ਨੂੰ ਵੀ ਜਾਰੀ ਕੀਤੀ ਗਈ ਹੈ। ਸੰਸਦ ਮੈਂਬਰ ਕਾਮਰੇਡ ਪੀ ਸੰਦੋਸ਼ ਨੇ ਚਿੱਠੀ ਵਿੱਚ ਅੱਖੀਂ ਡਿੱਠੇ ਸਰਹੱਦੀ ਲੋਕਾਂ ਦੇ ਮੰਦੜੇ ਹਾਲ ਦਾ ਜ਼ਿਕਰ ਕਰਦਿਆਂ ਲਿਖਿਆ, ‘‘ਮੈਂ ਦੇਖਿਆ ਕਿ ਇਨ੍ਹਾਂ ਹੜ੍ਹਾਂ ਨੇ ਲੋਕਾਂ ’ਤੇ ਕੀ ਤਬਾਹੀ ਮਚਾਈ ਹੈ। ਖੇਤਾਂ ਦਾ ਪੂਰਾ ਹਿੱਸਾ ਡੁੱਬ ਗਿਆ ਹੈ, ਫਸਲਾਂ ਦਾ ਨੁਕਸਾਨ ਹੋਇਆ ਹੈ, ਪਸ਼ੂ ਮਰ ਗਏ ਹਨ ਅਤੇ ਘਰ ਮਲਬੇ ਵਿੱਚ ਬਦਲ ਗਏ ਹਨ। ਚਾਰੇ ਪਾਸੇ ਪਾਣੀ ਖੜ੍ਹਾ ਹੋਣ ਕਾਰਨ ਬਿਮਾਰੀ ਦਾ ਖ਼ਤਰਾ ਮੰਡਰਾ ਰਿਹਾ ਹੈ। ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਗੱਲ ਇਹ ਸੀ ਕਿ ਕਿਸਾਨਾਂ ਦੀਆਂ ਅੱਖਾਂ ਵਿੱਚ ਨਿਰਾਸ਼ਾ ਸੀ, ਜਿਨ੍ਹਾਂ ਨੇ ਸਭ ਕੁਝ ਗੁਆ ਦਿੱਤਾ ਹੈ ਅਤੇ ਆਸਰਾ ਅਤੇ ਗੁਜ਼ਾਰਾ ਭਾਲ ਰਹੇ ਪਰਿਵਾਰਾਂ ਦੀ ਬੇਵਸੀ।"
ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਇਨ੍ਹਾਂ ਹਾਲਾਤਾਂ ਵਿੱਚ ਉਹ ਕੇਂਦਰ ਸਰਕਾਰ ਨੂੰ ਤੁਰੰਤ ਅਤੇ ਹਮਦਰਦੀ ਨਾਲ ਕਾਰਵਾਈ ਕਰਨ ਦੀ ਅਪੀਲ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਿਯਮਤ ਵੰਡ ਤੋਂ ਇਲਾਵਾ ਵੱਡੇ ਪੱਧਰ ’ਤੇ ਰਾਹਤ ਫੰਡ ਤੁਰੰਤ ਜਾਰੀ ਕਰਨ ਦੀ ਲੋੜ ਹੈ, ਨਾਲ ਹੀ ਇੱਕ ਵਿਆਪਕ ਪੈਕੇਜ ਵੀ ਸ਼ਾਮਲ ਹੋਵੇ, ਜੋ ਫਸਲਾਂ ਅਤੇ ਪਸ਼ੂਆਂ ਦੇ ਨੁਕਸਾਨ, ਘਰਾਂ ਅਤੇ ਰੋਜ਼ੀ-ਰੋਟੀ ਦੀ ਤਬਾਹੀ, ਅਤੇ ਵਿਸਥਾਪਿਤ ਪਰਿਵਾਰਾਂ ਦੇ ਪੁਨਰਵਾਸ ਦੀ ਪੂਰੀ ਹੱਦ ਨੂੰ ਕਵਰ ਕਰਦਾ ਹੋਵੇ। ਕਾਮਰੇਡ ਪੀ ਸੰਦੋਸ਼ ਨੇ ਵਿਸ਼ੇਸ਼ ਤੌਰ ’ਤੇ ਜ਼ੋਰ ਦਿੰਦਿਆਂ ਗ੍ਰਹਿ ਮੰਤਰੀ ਨੂੰ ਤੁਰੰਤ ਨਿੱਜੀ ਦਖ਼ਲ ਦੇਣ ਦੀ ਅਪੀਲ ਕੀਤੀ।