ਕੇਜਰੀਵਾਲ ਨੂੰ ਨਵਾਂ ਬੰਗਲਾ ਅਲਾਟ
‘ਆਪ’ ਨੇ ਪਹਿਲਾਂ ਕੇਂਦਰ ਸਰਕਾਰ ਨੂੰ 35, ਲੋਧੀ ਅਸਟੇਟ ਵਿਖੇ ਬੰਗਲਾ ਦੇਣ ਦੀ ਬੇਨਤੀ ਕੀਤੀ ਸੀ। ਬੰਗਲੇ ਵਿੱਚ ਪਹਿਲਾਂ ਬਸਪਾ ਮੁਖੀ ਮਾਇਆਵਤੀ ਰਹਿੰਦੇ ਸਨ ਪਰ ਉਹ ਰਿਹਾਇਸ਼ ਜੁਲਾਈ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੂੰ ਅਲਾਟ ਕਰ ਦਿੱਤੀ ਗਈ।‘ਆਪ’ ਦੇ ਕੌਮੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦਿੱਲੀ ਹਾਈ ਕੋਰਟ ਵੱਲੋਂ ਝਾੜ-ਝੰਬ ਕੀਤੇ ਜਾਣ ਮਗਰੋਂ ਕੇਂਦਰ ਵੱਲੋਂ ਕੇਜਰੀਵਾਲ ਨੂੰ ਸਰਕਾਰੀ ਬੰਗਲਾ ਅਲਾਟ ਕੀਤਾ ਗਿਆ ਹੈ। ਉਹ ਕੌਮੀ ਪਾਰਟੀ ਦੇ ਕਨਵੀਨਰ ਹੋਣ ਕਰਕੇ ਬੰਗਲੇ ਦੇ ਹੱਕਦਾਰ ਸਨ। ਮੁੱਖ ਮੰਤਰੀ ਹੁੰਦਿਆਂ ਕੇਜਰੀਵਾਲ 6, ਫਲੈਗ ਸਟਾਫ ਰੋਡ, ਸਿਵਲ ਲਾਈਨਜ਼ ਵਿਖੇ ਰਹਿੰਦੇ ਸਨ। ਭਾਜਪਾ ਨੇ ਇਸ ਘਰ ਨੂੰ ਸ਼ੀਸ਼ ਮਹਿਲ ਆਖਦਿਆਂ ਦਿੱਲੀ ਵਿੱਚ ਚੋਣ ਮੁੱਦਾ ਬਣਾਇਆ ਸੀ ਅਤੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦਾ ਮੁੱਖ ਮੰਤਰੀ ਉੱਥੇ ਨਹੀਂ ਰਹੇਗਾ। ਇਸ ਦਾ ‘ਆਪ’ ਨੂੰ ਸਿਆਸੀ ਨੁਕਸਾਨ ਵੀ ਹੋਇਆ ਸੀ। ਕਦੇ ਸਰਕਾਰੀ ਬੰਗਲਾ ਨਾ ਲੈਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਲਈ ਕਰੋਨਾ ਕਾਲ ਦੌਰਾਨ ਬੰਗਲਾ ਬਣਾਇਆ ਗਿਆ ਸੀ।
ਦਿੱਲੀ ਸਰਕਾਰ ਦੇ ਵਿਜੀਲੈਂਸ ਵਿਭਾਗ ਨੇ 2022 ਵਿੱਚ ਉਪ ਰਾਜਪਾਲ ਵੀ ਕੇ ਸਕਸੈਨਾ ਦੇ ਨਿਰਦੇਸ਼ਾਂ ’ਤੇ ਪੀ ਡਬਲਿਊ ਡੀ ਵੱਲੋਂ ਸਿਵਲ ਲਾਈਨਜ਼ ਬੰਗਲੇ ਦੀ ਮੁਰੰਮਤ ਵਿੱਚ ‘ਬੇਨੇਮੀਆਂ ਤੇ ਵੱਧ ਖ਼ਰਚ’ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਸੀ। ਦਿੱਲੀ ਵਿਧਾਨ ਸਭਾ ਵਿੱਚ ਤਤਕਾਲੀ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਦੀ ਸ਼ਿਕਾਇਤ ’ਤੇ ਸੀ ਬੀ ਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਸ਼ਿਕਾਇਤ ਦਸੰਬਰ 2024 ਵਿੱਚ ਉਪ ਰਾਜਪਾਲ ਸਕਸੈਨਾ ਕੋਲ ਦਾਇਰ ਕੀਤੀ ਗਈ ਸੀ। ਅਸਤੀਫ਼ਾ ਦੇਣ ਮਗਰੋਂ ਕੇਜਰੀਵਾਲ ‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਅਲਾਟ ਕੀਤੇ ਗਏ ਇੱਕ ਸਰਕਾਰੀ ਬੰਗਲੇ ਵਿੱਚ ਰਹਿਣ ਲੱਗ ਪਏ ਸਨ।