ਕਵਿੰਦਰ ਗੁਪਤਾ ਨੇ ਲੱਦਾਖ ਦੇ ਨਵੇਂ ਉਪ ਰਾਜਪਾਲ ਵਜੋਂ ਹਲਫ਼ ਲਿਆ
ਸੀਨੀਅਰ ਭਾਜਪਾ ਆਗੂ ਕਵਿੰਦਰ ਗੁਪਤਾ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਉਪ ਰਾਜਪਾਲ ਵਜੋਂ ਹਲਫ਼ ਲਿਆ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚਾਰ ਦਿਨ ਪਹਿਲਾਂ ਗੁਪਤਾ ਨੂੰ ਸੰਵਿਧਾਨਕ ਅਹੁਦੇ ’ਤੇ ਨਿਯੁਕਤ ਕੀਤਾ ਸੀ।
ਜੰਮੂ ਕਸ਼ਮੀਰ ਤੇ ਲੱਦਾਖ ਹਾਈ ਕੋਰਟ ਦੇ ਚੀਫ਼ ਜਸਟਿਸ ਜਸਟਿਸ ਅਰੁਣ ਪੱਲੀ ਨੇ ਲੇਹ ਵਿਚ ਲੱਦਾਖ ਰਾਜ ਨਿਵਾਸ ਵਿਚ ਰੱਖੇ ਸਮਾਗਮ ਦੌਰਾਨ ਕਵਿੰਦਰ ਗੁਪਤਾ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਤੀਜੇ ਉਪ ਰਾਜਪਾਲ ਹਨ ਅਤੇ ਬ੍ਰਿਗੇਡੀਅਰ ਬੀਡੀ ਮਿਸ਼ਰਾ ਦੀ ਥਾਂ ਲੈਣਗੇ, ਜਿਨ੍ਹਾਂ ਨੇ 19 ਫਰਵਰੀ, 2024 ਨੂੰ ਉਪ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਸੀ।
ਮਿਸ਼ਰਾ ਨੇ ਆਰਕੇ ਮਾਥੁਰ ਦੀ ਥਾਂ ਲਈ ਸੀ, ਜੋ ਕਿ 2019 ਵਿੱਚ ਜੰਮੂ ਅਤੇ ਕਸ਼ਮੀਰ ਦੇ ਪੁਰਾਣੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਲੱਦਾਖ ਦੇ ਪਹਿਲੇ ਐਲਜੀ ਵਜੋਂ ਨਿਯੁਕਤ ਕੀਤੇ ਗਏ ਨੌਕਰਸ਼ਾਹ ਸਨ।
ਗੁਪਤਾ ਨੇ ਪਹਿਲਾਂ ਵੀ ਸਰਕਾਰ ਵਿੱਚ ਅਤੇ ਪਾਰਟੀ ਦੇ ਅੰਦਰ ਕਈ ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕੀਤਾ ਹੈ। ਉਹ 2018 ਵਿੱਚ ਭਾਜਪਾ-ਪੀਡੀਪੀ ਸਰਕਾਰ ਦੌਰਾਨ 51 ਦਿਨਾਂ ਲਈ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਰਹੇ। ਭਾਜਪਾ ਨੇ ਜਦੋਂ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਤਾਂ ਉਨ੍ਹਾਂ ਨੇ ਇਹ ਅਹੁਦਾ ਛੱਡ ਦਿੱਤਾ।