ਕਸ਼ਮੀਰ ਕੋਈ ਭਾਰਤੀ ਪਰਿਵਾਰ ਦੀ ਜਾਇਦਾਦ ਨਹੀਂ ਬਲਕਿ ਪਾਕਿਸਤਾਨ ਦੀ ਸ਼ਾਹਰਗ: ਮੁਨੀਰ
ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਇਕ ਵਾਰ ਮੁੜ ਤੋਂ ਭਾਰਤ ਵਿਰੋਧੀ ਰਾਗ ਅਲਾਪਦੇ ਹੋਏ ਕਸ਼ਮੀਰ ਨੂੰ ਪਾਕਿਸਤਾਨ ਦੀ ‘ਸ਼ਾਹਰਗ’ ਦੱਸਿਆ ਹੈ। ਮੁਨੀਰ ਨੇ ਫਲੋਰਿਡਾ ਦੇ ਟੈਂਪਾ ਵਿੱਚ ਪਾਕਿਸਤਾਨੀ ਪਰਵਾਸੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਹਰੇਕ ਕੀਮਤ ’ਤੇ ਆਪਣੇ ਪਾਣੀ ਸਬੰਧੀ ਅਧਿਕਾਰਾਂ ਦੀ ਰਾਖੀ ਕਰੇਗਾ। ਉਹ ਅਜੇ ਅਮਰੀਕਾ ਦੇ ਦੌਰੇ ’ਤੇ ਹਨ। ਪਹਿਲਗਾਮ ਹਮਲੇ ਤੋਂ ਕੁਝ ਹਫ਼ਤੇ ਪਹਿਲਾਂ ਵੀ ਮੁਨੀਰ ਨੇ ਕਿਹਾ ਸੀ ਕਿ ਪਾਕਿਸਤਾਨ ਕਸ਼ਮੀਰ ਮੁੱਦੇ ਨੂੰ ਨਹੀਂ ਭੁੱਲੇਗਾ ਅਤੇ ਉਨ੍ਹਾਂ ਦਾਅਵਾ ਕੀਤਾ ਸੀ, ‘‘ਇਹ ਸਾਡੀ ਸ਼ਾਹਰਗ ਹੈ।’’ ਭਾਰਤ ਨੇ ਉਨ੍ਹਾਂ ਦੇ ਇਸ ਬਿਆਨ ਨੂੰ ਖਾਰਜ ਕਰ ਦਿੱਤਾ ਸੀ।
ਵਿਦੇਸ਼ ਮੰਤਰਾਲੇ ਨੇ ਕਿਹਾ ਸੀ, ‘‘ਕਿਸੇ ਵੀ ਵਿਦੇਸ਼ੀ ਚੀਜ਼ ਦਾ ‘ਸ਼ਾਹਰਗ’ ਨਾਲ ਕੀ ਸਬੰਧ ਹੋ ਸਕਦਾ ਹੈ? ਇਹ ਭਾਰਤ ਦਾ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਪਾਕਿਸਤਾਨ ਨਾਲ ਇਸ ਦਾ ਇਕਮਾਤਰ ਸਬੰਧ ਇਹ ਹੈ ਕਿ ਗੁਆਂਢੀ ਮੁਲਕ ਆਪਣੇ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰਾਂ ਨੂੰ ਖਾਲੀ ਕਰੇ।’’ ਆਪਣੇ ਸੰਬੋਧਨ ਦੌਰਾਨ ਮੁਨੀਰ ਨੇ ਕਿਹਾ ਕਿ ਹਾਲ ਹੀ ਵਿੱਚ ਭਾਰਤ ਨਾਲ ਹੋਏ ਸੰਘਰਸ਼ ਦੌਰਾਨ ਪਾਕਿਸਤਾਨ ਨੇ ‘ਦ੍ਰਿੜ੍ਹਤਾ ਤੇ ਤਾਕਤ ਨਾਲ’ ਪ੍ਰਤੀਕਿਰਿਆ ਦਿੱਤੀ ਅਤੇ ਇਸਲਾਮਾਬਾਦ ਨੇ ਸਪੱਸ਼ਟ ਕਰ ਦਿੱਤਾ ਕਿ ਭਾਰਤ ਦੇ ਹਰੇਕ ਹਮਲੇ ਦਾ ‘ਮੂੰਹਤੋੜ ਜਵਾਬ’ ਦਿੱਤਾ ਜਾਵੇਗਾ। ਪਾਕਿਸਤਾਨੀ ਫੌਜ ਦੇ ਇਕ ਬਿਆਨ ਮੁਤਾਬਕ, ਮੁਨੀਰ ਅਧਿਕਾਰਤ ਦੌਰੇ ’ਤੇ ਅਮਰੀਕਾ ਵਿੱਚ ਹੈ ਅਤੇ ਉਹ ਪਾਕਿਸਤਾਨੀ ਪਰਵਾਸੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਹੀ ਸੀਨੀਅਰ ਸਿਆਸੀ ਅਤੇ ਫੌਜੀ ਲੀਡਰਸ਼ਿਪ ਨਾਲ ਉੱਚ ਪੱਧਰੀ ਗੱਲਬਾਤ ਕਰ ਰਹੇ ਹਨ। ਪਾਕਿਸਤਾਨੀ ਭਾਈਚਾਰੇ ਨੂੰ ਦਿੱਤੇ ਆਪਣੇ ਭਾਸ਼ਣ ਵਿੱਚ ਮੁਨੀਰ ਨੇ ਕਿਹਾ,‘‘ ਕਸ਼ਮੀਰ ‘ਭਾਰਤ ਦਾ ਅੰਦਰੂਨੀ ਮਾਮਲਾ ਨਹੀਂ ਹੈ, ਬਲਕਿ ਇਕ ਅਧੂਰਾ ਕੌਮਾਂਤਰੀ ਏਜੰਡਾ ਹੈ। ਜਿਵੇਂ ਕਿ ਕਾਇਦ-ਏ-ਆਜ਼ਮ ਨੇ ਕਿਹਾ ਸੀ ਕਿ ਕਸ਼ਮੀਰ ਪਾਕਿਸਤਾਨ ਦੀ ਸ਼ਾਹਰਗ ਹੈ।’’ -ਪੀਟੀਆਈ
ਭਾਰਤ ਵੱਲੋਂ ਬਣਾਇਆ ਜਾਣ ਵਾਲਾ ਡੈਮ ਤੋੜਨ ਦੀ ਚਿਤਾਵਨੀ
ਮੁਨੀਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਕਿਸਤਾਨ ਨੂੰ ਆਉਂਦੇ ਪਾਣੀ ਦੇ ਵਹਾਅ ਨੂੰ ਰੋਕਿਆ ਗਿਆ ਤਾਂ ਇਸਲਾਮਾਬਾਦ ਵੱਲੋਂ ਕੋਈ ਵੀ ਡੈਮ ਤਬਾਹ ਕਰ ਦਿੱਤਾ ਜਾਵੇਗਾ। ‘ਦਿ ਡਾਅਨ’ ਅਖ਼ਬਾਰ ਮੁਤਾਬਕ ਉਨ੍ਹਾਂ ਕਿਹਾ, ‘‘ਅਸੀਂ ਭਾਰਤ ਵੱਲੋਂ ਡੈਮ ਬਣਾਏ ਜਾਣ ਦਾ ਇੰਤਜ਼ਾਰ ਕਰਾਂਗੇ ਅਤੇ ਜਦੋਂ ਉਹ ਡੈਮ ਬਣਾਉਣਗੇ ਤਾਂ ਅਸੀਂ ਉਸ ਨੂੰ ਤਬਾਹ ਕਰ ਦੇਵਾਂਗੇ।’’ ਉਨ੍ਹਾਂ ਕਿਹਾ, ‘‘ਸਿੰਧੂ ਦਰਿਆ ਭਾਰਤੀ ਪਰਿਵਾਰ ਦੀ ਸੰਪਤੀ ਨਹੀਂ ਹੈ। ਦਰਿਆ ਦੇ ਪਾਣੀ ਨੂੰ ਰੋਕਣ ਦੇ ਇਰਾਦਿਆਂ ਨੂੰ ਨਾਕਾਮ ਕਰਨ ਲਈ ਪਾਕਿਸਤਾਨ ਕੋਲ ਵਸੀਲਿਆਂ ਦੀ ਕੋਈ ਘਾਟ ਨਹੀਂ ਹੈ।’’
ਜੰਗ ਖ਼ਤਮ ਕਰਵਾਉਣ ਲਈ ਟਰੰਪ ਦਾ ਧੰਨਵਾਦ
ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਨੇ ਕਿਹਾ ਕਿ ਡੇਢ ਮਹੀਨੇ ਦੇ ਫ਼ਰਕ ਮਗਰੋਂ ਉਨ੍ਹਾਂ ਦਾ ਇਹ ਦੂਜਾ ਅਮਰੀਕਾ ਦੌਰਾ ਪਾਕਿਸਤਾਨ-ਅਮਰੀਕਾ ਸਬੰਧਾਂ ਵਿੱਚ ਇਕ ਨਵੀਂ ਦਿਸ਼ਾ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੌਰਿਆਂ ਦਾ ਉਦੇਸ਼ ਦੁਵੱਲੇ ਸਬੰਧਾਂ ਨੂੰ ਸਾਰਥਕ, ਸਥਾਈ ਅਤੇ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧਾਉਣਾ ਹੈ। ਮੁਨੀਰ ਨੇ ਇਹ ਵੀ ਕਿਹਾ ਕਿ ਪਾਕਿਸਤਾਨ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਤਹਿ ਦਿਲੋਂ ਧੰਨਵਾਦੀ ਹੈ ਜਿਨ੍ਹਾਂ ਦੀ ਰਣਨੀਤਕ ਅਗਵਾਈ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਨੂੰ ਰੋਕਣ ਦੇ ਨਾਲ-ਨਾਲ ਦੁਨੀਆ ਵਿੱਚ ਕਈ ਹੋਰ ਜੰਗਾਂ ਨੂੰ ਵੀ ਟਾਲ ਦਿੱਤਾ ਹੈ।
ਮੁਨੀਰ ਦੀਆਂ ਟਿੱਪਣੀਆਂ ਨਿੰਦਣਯੋਗ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਧਮਕੀ ਦੀ ਨਿਖੇਧੀ ਕਰਦੇ ਹੋਏ ਅੱਜ ਕਿਹਾ ਕਿ ਇਹ ਅਜੀਬ ਗੱਲ ਹੈ ਕਿ ਅਮਰੀਕੀ ਪ੍ਰਸ਼ਾਸਨ ਇਸ ਤਰ੍ਹਾਂ ਦੇ ਵਿਅਕਤੀ ਨੂੰ ਐਨਾ ਮਹੱਤਵ ਦੇ ਰਿਹਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮੁਨੀਰ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਪਰਮਾਣੂ ਸੰਘਰਸ਼ ਦੇ ਸੰਦਰਭ ਵਿੱਚ ਜੋ ਟਿੱਪਣੀਆਂ ਕੀਤੀਆਂ ਹਨ ਉਹ ਸਭ ਤੋਂ ਖ਼ਤਰਨਾਕ, ਭੜਕਾਊ ਅਤੇ ਪੂਰੀ ਤਰ੍ਹਾਂ ਨਾਮਨਜ਼ੂਰ ਹਨ। ਰਮੇਸ਼ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਮੁਨੀਰ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੀ ਕਾਂਗਰਸ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਇਹ ਅਜੀਬ ਗੱਲ ਹੈ ਕਿ ਅਮਰੀਕੀ ਪ੍ਰਸ਼ਾਸਨ ਅਜਿਹੇ ਵਿਅਕਤੀ ਨੂੰ ਐਨਾ ਵਿਸ਼ੇਸ਼ ਦਰਜਾ ਦੇ ਰਿਹਾ ਹੈ।’’ -ਪੀਟੀਆਈ
ਪਰਮਾਣੂ ਹਥਿਆਰਾਂ ਦੀ ਧਮਕੀ ਦੇਣਾ ਪਾਕਿਸਤਾਨ ਦੀ ਆਦਤ ਹੈ: ਭਾਰਤ
ਨਵੀਂ ਦਿੱਲੀ: ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਅਮਰੀਕੀ ਧਰਤੀ ਤੋਂ ਭਾਰਤ ਨੂੰ ਦਿੱਤੀ ਗਈ ਪਰਮਾਣੂ ਹਮਲੇ ਦੀ ਧਮਕੀ ’ਤੇ ਨਵੀਂ ਦਿੱਲੀ ਨੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਅੱਜ ਕਿਹਾ ਕਿ ਪਰਮਾਣੂ ਹਥਿਆਰਾਂ ਦੀ ਧਮਕੀ ਦੇਣਾ ਗੁਆਂਢੀ ਮੁਲਕ ਦੀ ਆਦਤ ਹੈ। ਭਾਰਤ ਨੇ ਕਿਹਾ ਕਿ ਮੁਨੀਰ ਦੀ ਟਿੱਪਣੀ ਨੇ ਫੌਜ ਤੇ ਅਤਿਵਾਦੀ ਜਥੇਬੰਦੀਆਂ ਵਿਚਾਲੇ ਗੰਢਤੁਪ ਵਾਲੇ ਪਾਕਿਸਤਾਨ ਵਿੱਚ ਪਰਮਾਣੂ ਕਮਾਂਡ ਅਤੇ ਕੰਟਰੋਲ ਦੀ ਭਰੋਸੇਯੋਗਤਾ ਸਬੰਧੀ ਸ਼ੱਕ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਭਾਰਤ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਪਰਮਾਣੂ ਹਮਲੇ ਦੇ ਨਾਮ ’ਤੇ ਦਿੱਤੀ ਜਾਣ ਵਾਲੀ ਧਮਕੀ ਅੱਗੇ ਨਹੀਂ ਝੁਕੇਗਾ ਅਤੇ ਕੌਮੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕਦਾ ਰਹੇਗਾ। ਵਿਦੇਸ਼ ਮੰਤਰਾਲੇ ਨੇ ਅਮਰੀਕਾ ਨੂੰ ਇਕ ਸਪੱਸ਼ਟ ਸੁਨੇਹੇ ਵਿੱਚ ਕਿਹਾ ਕਿ ਇਹ ਅਫ਼ਸੋਸਨਾਕ ਹੈ ਕਿ ਇਹ ਟਿੱਪਣੀਆਂ ਕਿਸੇ ਤੀਜੇ ਮਿੱਤਰ ਦੇਸ਼ ਦੀ ਧਰਤੀ ਤੋਂ ਕੀਤੀਆਂ ਗਈਆਂ ਹਨ। ਫਲੋਰਿਡਾ ਦੇ ਟੈਂਪਾ ਵਿੱਚ ਪਾਕਿਸਤਾਨੀ ਪਰਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਮੁਨੀਰ ਨੇ ਕਥਿਤ ਤੌਰ ’ਤੇ ਪਰਮਾਣੂ ਹਮਲੇ ਦੀ ਧਮਕੀ ਦਿੰਦਿਆਂ ਕਿਹਾ ਸੀ ਕਿ ਭਵਿੱਖ ਵਿੱਚ ਭਾਰਤ ਦੇ ਨਾਲ ਜੰਗ ਵਿੱਚ ਉਨ੍ਹਾਂ ਦੇ ਦੇਸ਼ ਦੀ ਹੋਂਦ ਨੂੰ ਖ਼ਤਰਾ ਹੋ ਸਕਦਾ ਹੈ। ਪਾਕਿਸਤਾਨੀ ਫੌਜ ਦੇ ਮੁਖੀ ਨੇ ਇਹ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਭਾਰਤ ਨੇ ਪਾਕਿਸਤਾਨ ਜਾਣ ਵਾਲੇ ਪਾਣੀ ਦੇ ਵਹਾਅ ਨੂੰ ਰੋਕਿਆ ਤਾਂ ਇਸਲਾਮਾਬਾਦ ਭਾਰਤੀ ਬੁਨਿਆਦੀ ਢਾਂਚੇ ਨੂੰ ਨਸ਼ਟ ਕਰ ਦੇਵੇਗਾ। ਮੀਡੀਆ ਵਿੱਚ ਆਈਆਂ ਖ਼ਬਰਾਂ ਵਿੱਚ ਪਾਕਿਸਤਾਨੀ ਫੌਜ ਦੇ ਮੁਖੀ ਦੇ ਹਵਾਲੇ ਨਾਲ ਕਿਹਾ ਗਿਆ, ‘‘ਅਸੀਂ ਇਕ ਪਰਮਾਣੂ ਰਾਸ਼ਟਰ ਹਾਂ। ਜੇਕਰ ਸਾਨੂੰ ਲੱਗਦਾ ਹੈ ਕਿ ਅਸੀਂ ਹੇਠਾਂ ਜਾ ਰਹੇ ਹਾਂ ਤਾਂ ਅਸੀਂ ਆਪਣੇ ਨਾਲ ਅੱਧੀ ਦੁਨੀਆ ਨੂੰ ਵੀ ਹੇਠਾਂ ਲੈ ਜਾਵਾਂਗੇ।’’ -ਪੀਟੀਆਈ