ਕਰੂਰ ਭਗਦੜ: ਸੁਪਰੀਮ ਕੋਰਟ ਵੱਲੋਂ ਸੀ ਬੀ ਆਈ ਜਾਂਚ ਦੇ ਹੁਕਮ
ਜਸਟਿਸ ਜੇ ਕੇ ਮਹੇਸ਼ਵਰੀ ਅਤੇ ਜਸਟਿਸ ਐੱਨ ਵੀ ਅੰਜਾਰੀਆ ਦੇ ਬੈਂਚ ਨੇ 27 ਸਤੰਬਰ ਨੂੰ ਅਦਾਕਾਰ ਵਿਜੈ ਦੀ ਰੈਲੀ ਵਿੱਚ ਹੋਈ ਭਗਦੜ ਨਾਲ ਸਬੰਧਤ ਪਟੀਸ਼ਨਾਂ ’ਤੇ ਵਿਚਾਰ ਕਰਨ ਅਤੇ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਦਾ ਆਦੇਸ਼ ਦੇਣ ਲਈ ਮਦਰਾਸ ਹਾਈ ਕੋਰਟ ਦੇ ਜੱਜ ਜਸਟਿਸ ਐੱਨ ਸੈਂਥਿਲਕੁਮਾਰ ਦੀ ਆਲੋਚਨਾ ਵੀ ਕੀਤੀ। ਬੈਂਚ ਨੇ ਕਿਹਾ, ‘‘ਜਦੋਂ ਘਟਨਾ ਦੀ ਜਾਂਚ ਦੀ ਅਪੀਲ ਵਾਲੀਆਂ ਪਟੀਸ਼ਨਾਂ ਮਦੁਰਾਇ ਬੈਂਚ ਕੋਲ ਪੈਂਡਿੰਗ ਸਨ ਤਾਂ ਚੀਫ਼ ਜਸਟਿਸ ਦੇ ਹੁਕਮਾਂ ਤੋਂ ਬਿਨਾ ਮੁੱਖ ਬੈਂਚ ਦੇ ਸਿੰਗਲ ਜੱਜ ਦਾ ਪਟੀਸ਼ਨਾਂ ’ਤੇ ਵਿਚਾਰ ਕਰਨ ਦਾ ਕੋਈ ਮਤਲਬ ਨਹੀਂ ਸੀ।’’
ਸਿਖ਼ਰਲੀ ਅਦਾਲਤ ਨੇ ਕਿਹਾ ਕਿ ਵਿਜੈ ਦੀ ਪਾਰਟੀ ਤਾਮਿਲਾਗਾ ਵੈਤਰੀ ਕੜਗਮ (ਟੀ ਵੀ ਕੇ) ਅਤੇ ਉਸ ਦੇ ਮੈਂਬਰਾਂ ਨੂੰ ਧਿਰ ਨਹੀਂ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਸੁਣਵਾਈ ਦਾ ਕੋਈ ਮੌਕਾ ਦਿੱਤੇ ਬਿਨਾ ਹੀ ਉਨ੍ਹਾਂ ਖ਼ਿਲਾਫ਼ ਟਿੱਪਣੀਆਂ ਕੀਤੀਆਂ ਗਈਆਂ। ਬੈਂਚ ਨੇ ਕਿਹਾ, ‘‘ਸਿੰਗਲ ਜੱਜ ਇਸ ਨਤੀਜੇ ’ਤੇ ਕਿਵੇਂ ਪਹੁੰਚੇ ਜਾਂ ਅਦਾਲਤ ਨੇ ਕੀ ਸਮੱਗਰੀ ਦੇਖੀ, ਇਸ ਦਾ ਵੀ ਕੋਈ ਜ਼ਿਕਰ ਫੈਸਲੇ ’ਚ ਨਹੀਂ ਹੈ। ਉਕਤ ਹੁਕਮਾਂ ਵਿੱਚ ਸਿਰਫ਼ ਵਧੀਕ ਐਡਵੋਕੇਟ ਜਨਰਲ ਵੱਲੋਂ ਪੇਸ਼ ਦਲੀਲਾਂ ਦਾ ਜ਼ਿਕਰ ਹੈ।’’ ਸਿਖ਼ਰਲੀ ਅਦਾਲਤ ਨੇ 10 ਅਕਤੂਬਰ ਨੂੰ ਵਿਜੈ ਦੀ ਸਿਆਸੀ ਪਾਰਟੀ ਅਤੇ ਹੋਰਾਂ ਵੱਲੋਂ ਦਾਇਰ ਪਟੀਸ਼ਨ ’ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ।