ਬਠਿੰਡਾ ਅਦਾਲਤ ਵੱਲੋਂ ਕੰਗਨਾ ਰਣੌਤ ਮੁੜ ਤਲਬ
ਬਠਿੰਡਾ ਦੀ ਅਦਾਲਤ ਨੇ ਮਾਣਹਾਨੀ ਮਾਮਲੇ ਵਿੱਚ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਨੂੰ ਮੁੜ ਤਲਬ ਕੀਤਾ ਹੈ। ਅਗਲੀ ਸੁਣਵਾਈ 29 ਸਤੰਬਰ ਨੂੰ ਹੋਣੀ ਹੈ ਅਤੇ ਇਸ ਮੌਕੇ ਕੰਗਨਾ ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੋਵੇਗਾ। ਅਦਾਕਾਰਾ ਇਸ ਤੋਂ ਪਹਿਲਾਂ ਅਦਾਲਤ ’ਚ ਪੇਸ਼ ਹੋਣ ਤੋਂ ਟਾਲ਼ਾ ਵਟਦੀ ਆ ਰਹੀ ਹੈ ਕਿਉਂਕਿ ਉਸ ਵੱਲੋਂ ਮਾਣਹਾਨੀ ਮਾਮਲੇ ਨੂੰ ਉੱਚ ਅਦਾਲਤ ’ਚ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਵੱਲੋਂ 12 ਸਤੰਬਰ ਨੂੰ ਭਾਜਪਾ ਸੰਸਦ ਮੈਂਬਰ ਦੀ ਪਟੀਸ਼ਨ ’ਤੇ ਸੁਣਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਬਠਿੰਡਾ ’ਚ ਜੁਡੀਸ਼ੀਅਲ ਮੈਜਿਸਟਰੇਟ (ਫ਼ਸਟ ਕਲਾਸ) ਦੀ ਅਦਾਲਤ ਵਿਚ ਮੁੜ ਕੇਸ ਸ਼ੁਰੂ ਹੋਣ ਲਈ ਰਾਹ ਪੱਧਰਾ ਹੋ ਗਿਆ। ਇਸ ਤੋਂ ਪਹਿਲਾਂ ਕੰਗਨਾ ਦੀ ਪਟੀਸ਼ਨ ਪਹਿਲੀ ਅਗਸਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਸਾਲ 2020 ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਤਿੰਨ ਖੇਤੀ ਸੋਧ ਕਾਨੂੰਨਾਂ (ਹੁਣ ਰੱਦ ਹਨ) ਖ਼ਿਲਾਫ਼ ਕਿਸਾਨ ਅੰਦੋਲਨ ਵਿੱਚ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਾਈ ਮਹਿੰਦਰ ਕੌਰ ਨੇ ਵੀ ਹਿੱਸਾ ਲਿਆ ਸੀ। ਇਸ ਦੌਰਾਨ ਕੰਗਨਾ ਨੇ ਇਸ ਬਿਰਧ ਮਾਈ ਬਾਰੇ ਟਿੱਪਣੀ ਕਰਦਿਆਂ ਉਸਨੂੰ ਭਾੜੇ ਦੀ ਔਰਤ ਦੱਸਿਆ ਸੀ। ਬਿਰਧ ਮਹਿੰਦਰ ਕੌਰ ਨੇ 5 ਜਨਵਰੀ 2021 ਨੂੰ ਕੰਗਨਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।