ਮੁੰਬਈ ਦੇ ਮੰਦਰ ’ਚ ਕਾਲੀ ਮਾਤਾ ਦੀ ਮੂਰਤੀ ਨੂੰ ‘ਮਦਰ ਮਰੀਅਮ’ ਦੇ ਰੂਪ ਵਿਚ ਸਜਾਇਆ; ਵੀਡੀਓ ਵਾਇਰਲ
ਮੁੰਬਈ ਦੇ ਇੱਕ ਮੰਦਰ ਵਿੱਚ ਸ਼ਰਧਾਲੂਆਂ ਨੂੰ ਮਦਰ ਮੈਰੀ ਦੇ ਰੂਪ ਵਿੱਚ ਸਜਾਈ ਹੋਈ ਹਿੰਦੂ ਦੇਵੀ ਕਾਲੀ ਮਾਤਾ ਦੀ ਮੂਰਤੀ ਮਿਲੀ ਹੈ। ਪੁਲੀਸ ਨੇ ਇਸ ਮਾਮਲੇ ਵਿਚ ਮੰਦਰ ਦੇ ਇੱਕ ਪੁਜਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰਸੀਐੱਫ ਪੁਲੀਸ ਥਾਣੇ ਦੇ ਅਧਿਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸਬ ਅਰਬਨ ਚੈਂਬੂਰ ਦੇ ਮੰਦਰ ਵਿੱਚ ਮਾਤਾ ਮੈਰੀ ਦੇ ਰੂਪ ਵਿੱਚ ਸਜੀ ਹੋਏ ਕਾਲੀ ਮਾਤਾ ਦੀ ਮੂਰਤੀ ਦਿਖਾਈ ਦੇ ਰਹੀ ਹੈ।
ਐਤਵਾਰ ਨੂੰ ਮੰਦਰ ਆਉਣ ਵਾਲੇ ਸ਼ਰਧਾਲੂ ਕਾਲੀ ਮਾਤਾ ਦੀ ਮੂਰਤੀ ਨੂੰ ਯਸੂ ਮਸੀਹ ਦੀ ਮਾਂ ਦੇ ਪਹਿਰਾਵੇ ਵਿੱਚ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਸਥਾਨਕ ਪੁਲੀਸ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਦੱਸਿਆ। ਸ਼ਰਧਾਲੂਆਂ ਤੋਂ ਪੁੱਛਗਿੱਛ ਕਰਨ ’ਤੇ ਮੰਦਰ ਦੇ ਪੁਜਾਰੀ, ਜਿਸ ਦੀ ਪਛਾਣ ਰਮੇਸ਼ ਵਜੋਂ ਹੋਈ ਹੈ, ਨੇ ਦਾਅਵਾ ਕੀਤਾ ਕਿ ਹਿੰਦੂ ਦੇਵੀ ਨੇ ਉਸ ਦੇ ਸੁਪਨੇ ਵਿੱਚ ਆ ਕੇ ਉਸ ਨੂੰ ‘ਮਾਂ ਮਰੀਅਮ ਦੇ ਰੂਪ ਵਿੱਚ ਸਜਾਉਣ’ ਲਈ ਕਿਹਾ ਸੀ।
ਪੁਲੀਸ ਨੇ ਇੱਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਪੁਜਾਰੀ ਵਿਰੁੱਧ ਭਾਰਤੀ ਨਿਆਂਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਜਾਰੀ ਨੂੰ ਮਗਰੋਂ ਗ੍ਰਿਫਤਾਰ ਕਰਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਦੋ ਦਿਨਾ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਹੁਣ ਇਹ ਪਤਾ ਲਗਾ ਰਹੇ ਹਨ ਕਿ ਕੀ ਇਸ ਘਟਨਾ ਪਿੱਛੇ ਕੋਈ ਸੰਗਠਿਤ ਉਦੇਸ਼ ਸੀ ਜਾਂ ਕੀ ਇਸ ਵਿੱਚ ਹੋਰ ਲੋਕ ਸ਼ਾਮਲ ਸਨ।
