ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਲਾ ਪਾਣੀ ਮੋਰਚੇ ਵੱਲੋਂ ਪਟਿਆਲਾ ਵਿੱਚ ਮਾਰਚ

ਬੁੱਢੇ ਨਾਲੇ ਵਿਚ ਗੰਦਾ ਪਾਣੀ ਪੈਣ ਦਾ ਵਿਰੋਧ; ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ’ਤੇ ਕਾਰਵਾਈ ਨਾ ਕਰਨ ਦੋਸ਼
ਪਟਿਆਲਾ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਲੱਖਾ ਸਿਧਾਣਾ ਅਤੇ ਹੋਰ ਆਗੂ। -ਫੋਟੋ: ਰਾਜੇਸ਼ ਸੱਚਰ
Advertisement

ਬੁੱਢੇ ਦਰਿਆ ਨੂੰ ਬਚਾਉਣ ਲਈ ਕਾਇਮ ‘ਕਾਲਾ ਪਾਣੀ ਮੋਰਚਾ’ ਨੇ ਅੱਜ ਪਟਿਆਲਾ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਦੇ ਮੁੱਖ ਦਫ਼ਤਰ ’ਚ ਦਸਤਕ ਦਿੱਤੀ ਤੇ ਅਧਿਕਾਰੀਆਂ ਤੇ ਚੇਅਰਪਰਸਨ ਨੂੰ ਜਗਾਉਣ ਲਈ ਮੰਗ ਪੱਤਰ ਸੌਂਪਿਆ। ਇਸ ਪਹਿਲਾਂ ਕੀਤੇ ਮਾਰਚ ਵਿੱਚ ਸਮਾਜ ਸੇਵੀ ਕਾਰਕੁਨ ਲੱਖਾ ਸਿਧਾਣਾ ਸਣੇ ਕਈ ਉੱਘੇ ਆਗੂ ਸ਼ਾਮਲ ਹੋਏ। ਆਗੂਆਂ ਨੇ ਕਾਰਵਾਈ ਨਾ ਹੋਣ ’ਤੇ ਸੰਘਰਸ਼ ਮਘਾਉਣ ਦੀ ਚਿਤਾਵਨੀ ਦਿੱਤੀ।

ਕਾਲਾ ਪਾਣੀ ਮੋਰਚਾ ਦੇ ਆਗੂਆਂ ਵੱਲੋਂ ਦਿੱਤੇ ਸੱਦੇ ’ਤੇ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਲੋਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਬਾਹਰ ਇਕੱਠੇ ਹੋਏ ਤੇ ਉੱਥੋਂ ਸ਼ਾਂਤਮਈ ਮਾਰਚ ਕਰਦਿਆਂ ਨਾਭਾ ਰੋਡ ਸਥਿਤ ਪੀ ਪੀ ਸੀ ਬੀ ਦੇ ਮੁੱਖ ਦਫ਼ਤਰ ਪੁੱਜੇ। ਉਨ੍ਹਾਂ ਨੇ ਪੀ ਪੀ ਸੀ ਬੀ ਦੇ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ ਜੀ ਟੀ) ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਤੇ ਲੁਧਿਆਣਾ ਦੇ ਬੁੱਢਾ ਦਰਿਆ ਵਿੱਚ ਫੈਲੇ ਪ੍ਰਦੂਸ਼ਣ ਕਾਰਨ ਸਤਲੁਜ ਦੇ ਪ੍ਰਵਾਹ ਖੇਤਰ ਵਿੱਚ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

Advertisement

ਮੋਰਚੇ ਦੇ ਆਗੂ ਅਮਿਤੋਜ ਮਾਨ, ਕਪਿਲ ਕੁਮਾਰ ਅਰੋੜਾ, ਜਸਕੀਰਤ ਸਿੰਘ ਤੇ ਕੁਲਦੀਪ ਖਹਿਰਾ ਨੇ ਕਿਹਾ ਕਿ ਬੁੱਢਾ ਦਰਿਆ ਬਚਾਉਣ ਲਈ ਬਣਾਇਆ ਗਿਆ ਕਾਲਾ ਪਾਣੀ ਮੋਰਚਾ ਕਈ ਵਾਰ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕਰ ਚੁੱਕਾ ਹੈ। ਮੋਰਚਾ ਇੱਕ ਸਾਲ ਤੋਂ ਲੁਧਿਆਣਾ ’ਚ ਬੁੱਢਾ ਦਰਿਆ ’ਚ ਪੈ ਗੰਦੇ ਪਾਣੀ ਵਿਰੁੱਧ ਲੜਾਈ ਲੜ ਰਿਹਾ ਹੈ। ਐੱਨ ਜੀ ਟੀ ਦੇ ਸਪੱਸ਼ਟ ਨਿਰਦੇਸ਼ਾਂ ਦੇ ਬਾਵਜੂਦ ਡਾਇੰਗ ਯੂਨਿਟਾਂ ਦੇ ਤਿੰਨ ਸੀ ਈ ਟੀ ਪੀ (15, 40, 50 ਐੱਮ ਐੱਲ ਡੀ) ਬੁੱਢਾ ਦਰਿਆ ਵਿੱਚ ਰੋਜ਼ਾਨਾ 10.5 ਕਰੋੜ ਲੀਟਰ ਗੰਦਾ ਪਾਣੀ ਪਾ ਰਹੇ ਹਨ। ਹੁਕਮਾਂ ਦੇ ਬਾਵਜੂਦ ਗੈਰ-ਕਾਨੂੰਨੀ ਆਊਟਲੈੱਟ ਬੰਦ ਨਹੀਂ ਕੀਤੇ ਗਏ। ਹੁਣ ਐੱਨ ਜੀ ਟੀ ਦੇ ਹੁਕਮ ਨੂੰ ਲਾਗੂ ਕਰਵਾਉਣ ਲਈ ਮੋਰਚੇ ਨੇ ਇਥੇ ਦਸਤਕ ਦਿੱਤੀ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਜੇ ਬੁੱਢੇ ਨਾਲੇ ’ਚ ਗੰਦਾ ਪਾਣੀ ਪੈਣੋਂ ਨਾ ਰੋਕਿਆ ਗਿਆ ਤੇ ਮੁਲਜ਼ਮਾਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਉਹ ਹੋਰ ਸਖ਼ਤ ਕਦਮ ਚੁੱਕਣਗੇ।

 

ਡਾਇੰਗ ਇੰਡਸਟਰੀ ਨੇ ਮੋਰਚੇ ਵੱਲੋਂ ਲਾਏ ਦੋਸ਼ ਨਕਾਰੇ

ਲੁਧਿਆਣਾ (ਗਗਨਦੀਪ ਅਰੋੜਾ): ਇੰਡਸਟਰੀ ਏਰੀਆ ਡਾਇੰਗ ਐਸੋਸੇਈਸ਼ੇਨ ਤੇ ਪੰਜਾਬ ਡਾਇਰਸ ਐਸੋਸੀਏਸ਼ਨ ਨੇ ਕਾਲਾ ਪਾਣੀ ਮੋਰਚਾ ਵੱਲੋਂ ਉਨ੍ਹਾਂ ’ਤੇ ਬੁੱਢੇ ਦਰਿਆ ’ਚ ਗੰਦਾ ਪਾਣੀ ਸੁੱਟਣ ਦੇ ਲਾਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਐਸੋਸੀਏਸ਼ਨਾਂ ਨਾਲ ਸਬੰਧਤ ਡਾਇੰਗ ਸਨਅਤਾਂ ਦੇ ਸਨਅਤਕਾਰਾਂ ਨੇ ਅੱਜ ਬੁੱਢੇ ਦਰਿਆ ’ਤੇ ਪੱਤਰਕਾਰਾਂ ਸਾਹਮਣੇ ਕਿਹਾ ਕਿ ਸਨਅਤਕਾਰਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਕਮਲਦੇਵ ਚੌਹਾਨ ਅਤੇ ਬਾਬੀ ਜਿੰਦਲ ਨੇ ਕਿਹਾ ਕਿ ਕਾਲਾ ਪਾਣੀ ਮੋਰਚਾ ਦੇ ਆਗੂ ਸਰਕਾਰੀ ਵਿਭਾਗਾਂ ਤੇ ਅਦਾਲਤਾਂ ’ਚ ਗਲਤ ਤੱਥ ਪੇਸ਼ ਕਰ ਰਹੇ ਹਨ ਪਰ ਉਹ ਦੋਸ਼ ਸਾਬਤ ਨਹੀਂ ਕਰ ਸਕੇ ਹਨ। ਸਨਅਤਕਾਰਾਂ ਨੇ ਬੁੱਢਾ ਦਰਿਆ ਦੇ ਪਾਣੀ ਦਾ ਸੈਂਪਲ ਸੀ ਈ ਟੀ ਪੀ ਪਲਾਂਟ ਦੇ ਸਾਹਮਣੇ ਡੈਮੋ ਦਿਖਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਾਣੀ ਦੇ ਸੈਂਪਲ ਸਾਫ਼ ਹਨ। ਦਰਿਆ ਦੇ ਥੱਲੇ ਕਾਲੀ ਮਿੱਟੀ ਕਾਰਨ ਪਾਣੀ ਕਾਲਾ ਨਜ਼ਰ ਆਉਂਦਾ ਹੈ।

Advertisement
Show comments