ਜਸਟਿਸ ਸੂਰਿਆ ਕਾਂਤ ਹੋਣਗੇ ਅਗਲੇ ਚੀਫ ਜਸਟਿਸ
ਸੁਪਰੀਮ ਕੋਰਟ ਦੇ ਮੌਜੂਦਾ ਚੀਫ ਜਸਟਿਸ ਗਵੲੀ ਨੇ ਕੇਂਦਰ ਨੂੰ ਭੇਜੀ ਸਿਫਾਰਸ਼
Advertisement
ਜਸਟਿਸ ਸੂਰਿਆ ਕਾਂਤ ਦੇਸ਼ ਦੇ 53ਵੇਂ ਚੀਫ ਜਸਟਿਸ ਹੋਣਗੇ। ਉਹ 23 ਨਵੰਬਰ ਨੂੰ ਚੀਫ਼ ਜਸਟਿਸ ਭੂਸ਼ਨ ਰਾਮਕ੍ਰਿਸ਼ਨ ਗਵਈ ਦੇ ਸੇਵਾਮੁਕਤ ਹੋਣ ਮਗਰੋਂ ਅਹੁਦਾ ਸੰਭਾਲਣਗੇ। ਸ੍ਰੀ ਗਵਈ ਨੇ ਦੇਸ਼ ਦੇ ਅਗਲੇ ਚੀਫ਼ ਜਸਟਿਸ ਲਈ ਜਸਟਿਸ ਸੂਰਿਆ ਕਾਂਤ ਦੇ ਨਾਮ ਦੀ ਸਿਫਾਰਸ਼ ਕੇਂਦਰ ਨੂੰ ਭੇਜੀ ਹੈ। ਉਂਝ ਉਨ੍ਹਾਂ ਦੇ ਨਾਮ ’ਤੇ ਹਾਲੇ ਮੋਹਰ ਲੱਗਣੀ ਬਾਕੀ ਹੈ। ਜਸਟਿਸ ਸੂਰਿਆ ਕਾਂਤ ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਹਨ ਅਤੇ ਉਨ੍ਹਾਂ ਨੂੰ 24 ਮਈ, 2019 ਨੂੰ ਤਰੱਕੀ ਮਿਲੀ ਸੀ। ਉਹ ਚੀਫ ਜਸਟਿਸ ਦੇ ਅਹੁਦੇ ’ਤੇ ਕਰੀਬ 15 ਮਹੀਨਿਆਂ ਤੱਕ ਰਹਿਣਗੇ ਤੇ ਉਹ 9 ਫਰਵਰੀ, 2027 ਨੂੰ ਸੇਵਾਮੁਕਤ ਹੋਣਗੇ। ਹਿਸਾਰ ਜ਼ਿਲ੍ਹੇ ਦੇ ਮੱਧ ਵਰਗ ਪਰਿਵਾਰ ’ਚ 10 ਫਰਵਰੀ, 1962 ਨੂੰ ਜਨਮੇ ਜਸਟਿਸ ਸੂਰਿਆ ਕਾਂਤ ਕਈ ਇਤਿਹਾਸਕ ਫ਼ੈਸਲੇ ਲੈਣ ਵਾਲੇ ਬੈਂਚਾਂ ’ਚ ਸ਼ਾਮਲ ਰਹੇ। ਇਨ੍ਹਾਂ ’ਚ ਸੰਵਿਧਾਨ ਦੀ ਧਾਰਾ 370 ਰੱਦ ਕਰਨ, ਬੋਲਣ ਦੀ ਆਜ਼ਾਦੀ, ਲੋਕਤੰਤਰ, ਭ੍ਰਿਸ਼ਟਾਚਾਰ, ਵਾਤਾਵਰਨ ਅਤੇ ਲਿੰਗ ਬਰਾਬਰੀ ਜਿਹੇ ਕਈ ਮਾਮਲੇ ਸ਼ਾਮਲ ਹਨ। ਉਹ ਉਸ ਬੈਂਚ ਦਾ ਹਿੱਸਾ ਸਨ ਜਿਸ ਨੇ ਬਸਤੀਵਾਦੀ ਯੁੱਗ ਦੇ ਦੇਸ਼ਧ੍ਰੋਹ ਕਾਨੂੰਨ ’ਤੇ ਰੋਕ ਲਗਾ ਦਿੱਤੀ ਸੀ ਅਤੇ ਨਿਰਦੇਸ਼ ਦਿੱਤਾ ਸੀ ਕਿ ਸਰਕਾਰ ਵੱਲੋਂ ਨਜ਼ਰਸਾਨੀ ਹੋਣ ਤੱਕ ਇਸ ਤਹਿਤ ਕੋਈ ਨਵੀਂ ਐੱਫ ਆਈ ਆਰ ਦਰਜ ਨਹੀਂ ਕੀਤੀ ਜਾਵੇਗੀ। ਚੋਣ ਅਮਲ ’ਚ ਪਾਰਦਰਸ਼ਤਾ ਬਾਰੇ ਹੁਕਮ ’ਚ ਉਨ੍ਹਾਂ ਚੋਣ ਕਮਿਸ਼ਨ ਨੂੰ ਬਿਹਾਰ ’ਚ ਵੋਟਰ ਸੂਚੀਆਂ ’ਚ ਵਿਸ਼ੇਸ਼ ਪੜਤਾਲ (ਐੱਸ ਆਈ ਆਰ) ਮਗਰੋਂ ਖਰੜਾ ਵੋਟਰ ਸੂਚੀ ’ਚੋਂ ਹਟਾਏ ਗਏ 65 ਲੱਖ ਵੋਟਰਾਂ ਦਾ ਬਿਊਰਾ ਦੇਣ ਲਈ ਕਿਹਾ ਸੀ। ਜਸਟਿਸ ਸੂਰਿਆ ਕਾਂਤ ਦੇ ਸਿਰ ’ਤੇ ਇਹ ਸਿਹਰਾ ਵੀ ਬੱਝਦਾ ਹੈ ਕਿ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਸਮੇਤ ਬਾਰ ਐਸੋਸੀਏਸ਼ਨਾਂ ’ਚ ਇਕ-ਤਿਹਾਈ ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਜਾਣ।
Advertisement
Advertisement
