ਜਸਟਿਸ ਸੂਰਿਆ ਕਾਂਤ ਨੇ 53ਵੇਂ ਸੀਜੇਆਈ ਵਜੋਂ ਹਲਫ਼ ਲਿਆ
ਰਾਸ਼ਟਰਪਤੀ ਭਵਨ ’ਚ ਸੰਖੇਪ ਸਮਾਗਮ ਦੌਰਾਨ ਰਾਸ਼ਟਰਪਤੀ ਮੁਰਮੂ ਨੇ ਹਲਫ਼ ਦਿਵਾਇਆ; ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਣੇ ਹੋਰ ਸੀਨੀਅਰ ਆਗੂ ਰਹੇ ਮੌਜੂਦ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੋਮਵਾਰ ਨੂੰ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਜਸਟਿਸ ਸੂਰਿਆ ਕਾਂਤ ਨੂੰ 53ਵੇਂ ਸੀਜੇਆਈ ਵਜੋਂ ਅਹੁਦੇ ਦੀ ਸਹੁੰ ਚੁਕਾਈ।
Advertisement
ਜਸਟਿਸ ਸੂਰਿਆ ਕਾਂਤ ਨੇ ਸੋਮਵਾਰ ਨੂੰ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਹਲਫ਼ ਲਿਆ। ਜਸਟਿਸ ਸੂਰਿਆ ਕਾਂਤ ਜੰਮੂ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਮਨਸੂਖ ਕਰਨ ਸਣੇ ਕਈ ਮੀਲਪੱਥਰ ਫੈਸਲਿਆਂ ਦਾ ਹਿੱਸਾ ਰਹੇ ਹਨ। ਉਨ੍ਹਾਂ ਜਸਟਿਸ ਬੀਆਰ ਗਵਈ ਦੀ ਥਾਂ ਲਈ ਹੈ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਰੱਖੇ ਸੰਖੇਪ ਸਮਾਗਮ ਦੌਰਾਨ ਜਸਟਿਸ ਕਾਂਤ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਜਸਟਿਸ ਕਾਂਤ ਨੇ ਭਗਵਾਨ ਦੇ ਨਾਮ ’ਤੇ ਹਿੰਦੀ ਵਿਚ ਸਹੁੰ ਚੁੱਕੀ। ਜਸਟਿਸ ਕਾਂਤ ਨੂੰ 30 ਅਕਤੂਬਰ ਨੂੰ ਦੇਸ਼ ਦਾ ਅਗਲਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਸੀ ਤੇ ਉਹ ਇਸ ਅਹੁਦੇ ’ਤੇ ਕਰੀਬ 15 ਮਹੀਨਿਆਂ ਲਈ ਰਹਿਣਗੇ। ਉਹ 9 ਫਰਵਰੀ 2027 ਨੂੰ 65 ਸਾਲ ਦੀ ਉਮਰ ਦੇ ਹੋਣ ਮੌਕੇ ਅਹੁਦਾ ਛੱਡਣਗੇ। ਹਲਫ਼ਦਾਰੀ ਸਮਾਗਮ ਵਿਚ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰ ਸੀਨੀਅਰ ਆਗੂ ਮੌਜੂਦ ਸਨ।
Advertisement
Advertisement
