ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਸਟਿਸ ਸੂਰਿਆਕਾਂਤ 53ਵੇਂ ਚੀਫ ਜਸਟਿਸ ਬਣੇ

ਰਾਸ਼ਟਰਪਤੀ ਨੇ ਅਹੁਦੇ ਦਾ ਹਲਫ਼ ਦਿਵਾਇਆ; 9 ਫਰਵਰੀ 2027 ਤੱਕ ਅਹੁਦੇ ’ਤੇ ਰਹਿਣਗੇ
ਰਾਸ਼ਟਰਪਤੀ ਦਰੋਪਦੀ ਮੁਰਮੂ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿਚ ਜਸਟਿਸ ਸੂਰਿਆਕਾਂਤ ਨੂੰ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਸਹੁੰ ਚੁਕਾਉਂਦੇ ਹੋਏ। -ਫੋਟੋ: ਪੰਜਾਬੀ ਟ੍ਰਿਬਿਉਨ
Advertisement

ਜਸਟਿਸ ਸੂਰਿਆਕਾਂਤ ਨੇ ਅੱਜ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕ ਲਈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ’ਚ ਸਮਾਗਮ ਦੌਰਾਨ ਜਸਟਿਸ ਸੂਰਿਆਕਾਂਤ ਨੂੰ ਅਹੁਦੇ ਦੀ ਸਹੁੰ ਚੁਕਵਾਈ। ਉਨ੍ਹਾਂ ਹਿੰਦੀ ਵਿੱਚ ਸਹੁੰ ਚੁੱਕੀ।

ਉਨ੍ਹਾਂ ਜਸਟਿਸ ਬੀ ਆਰ ਗਵਈ ਦੀ ਥਾਂ ਇਹ ਅਹੁਦਾ ਸੰਭਾਲਿਆ ਜੋ ਬੀਤੇ ਦਿਨ ਸੇਵਾਮੁਕਤ ਹੋਏ ਸਨ। ਉਹ 9 ਫਰਵਰੀ 2027 ਤੱਕ ਤਕਰੀਬਨ 15 ਮਹੀਨੇ ਇਸ ਅਹੁਦੇ ’ਤੇ ਰਹਿਣਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸੀਨੀਅਰ ਆਗੂ ਸਮਾਗਮ ’ਚ ਹਾਜ਼ਰ ਸਨ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਸਹੁੰ ਚੁੱਕ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਜਸਟਿਸ ਸੂਰਿਆਕਾਂਤ ਦੇ ਭਾਰਤ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕ ਸਮਾਗਮ ’ਚ ਸ਼ਮੂਲੀਅਤ। ਉਨ੍ਹਾਂ ਨੂੰ ਅਗਲੇ ਕਾਰਜਕਾਲ ਲਈ ਸ਼ੁਭਕਾਮਨਾਵਾਂ।’’

Advertisement

ਇਸ ਮਗਰੋਂ ਚੀਫ ਜਸਟਿਸ ਵਜੋਂ ਸੁਪਰੀਮ ਕੋਰਟ ’ਚ ਪਹਿਲੇ ਦਿਨ ਜਸਟਿਸ ਸੂਰਿਆਕਾਂਤ ਨੇ ਅੱਜ ਕਾਰਵਾਈ ਦਾ ਨਵਾਂ ਪੈਮਾਨਾ ਤੈਅ ਕਰਦਿਆਂ ਕਿਹਾ ਕਿ ਤਤਕਾਲ ਸੂਚੀਬੱਧ ਕਰਨ ਲਈ ਕੇਸਾਂ ਦਾ ਜ਼ਿਕਰ ਲਿਖਤੀ ਤੌਰ ’ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਜ਼ੁਬਾਨੀ ਮੰਗਾਂ ‘ਵਿਲੱਖਣ ਹਾਲਤਾਂ’ ਜਿਵੇਂ ਮੌਤ ਦੀ ਸਜ਼ਾ ਜਾਂ ਨਿੱਜੀ ਆਜ਼ਾਦੀ ਦੇ ਹਮਲਿਆਂ ਦੇ ਮਾਮਲਿਆਂ ’ਚ ਵਿਚਾਰੀਆਂ ਜਾਣਗੀਆਂ। ਉਨ੍ਹਾਂ ਸੁਪਰੀਮ ਕੋਰਟ ਕੰਪਲੈਕਸ ’ਚ ਮਹਾਤਮਾ ਗਾਂਧੀ ਅਤੇ ਡਾ. ਬੀ ਆਰ ਅੰਬੇਡਕਰ ਦੇ ਬੁੱਤਾਂ ’ਤੇ ਫੁੱਲ ਵੀ ਚੜ੍ਹਾਏ। ਇਸ ਮਗਰੋਂ ਉਨ੍ਹਾਂ ਹੈਰੀਟੇਜ ਕੋਰਟ ਰੂਮ ਨੰਬਰ-1 ’ਚ ਤਿੰਨ ਜੱਜਾਂ ਦੇ ਬੈਂਚ ਦੀ ਅਗਵਾਈ ਕੀਤੀ ਜਿਸ ’ਚ ਜਸਟਿਸ ਜੌਇਮਾਲਿਆ ਬਾਗਚੀ ਤੇ ਜਸਟਿਸ ਅਤੁਲ ਐੱਸ ਚੰਦੁਰਕਰ ਵੀ ਸ਼ਾਮਲ ਸਨ। ਬਾਅਦ ਦੁਪਹਿਰ ਤੱਕ ਉਨ੍ਹਾਂ 17 ਕੇਸਾਂ ਦੀ ਸੁਣਵਾਈ ਕੀਤੀ। ਸੁਪਰੀਮ ਕੋਰਟ ਐਡਵੋਕੇਟਜ਼-ਆਨ-ਰਿਕਾਰਡਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਪਿਨ ਨਾਇਰ ਨੇ ਵੀ ਨਵੇਂ ਚੀਫ ਜਸਟਿਸ ਦਾ ਸਵਾਗਤ ਕੀਤਾ। 

ਰਾਹੁਲ ਦੀ ਗ਼ੈਰ-ਹਾਜ਼ਰੀ ’ਤੇ ਭਾਜਪਾ ਨੇ ਚੁੱਕੇ ਸਵਾਲ

ਨਵੀਂ ਦਿੱਲੀ: ਭਾਜਪਾ ਨੇ ਚੀਫ ਜਸਟਿਸ ਸੂਰਿਆ ਕਾਂਤ ਦੇ ਹਲਫਦਾਰੀ ਸਮਾਗਮ ’ਚੋਂ ਰਾਹੁਲ ਗਾਂਧੀ ਦੀ ਗ਼ੈਰ-ਹਾਜ਼ਰੀ ’ਤੇ ਸਵਾਲ ਚੁਕਦਿਆਂ ਦੋਸ਼ ਲਾਇਆ ਕਿ ਕਾਂਗਰਸ ਬਾਬਾ ਸਾਹੇਬ ਬੀ ਆਰ ਅੰਬੇਡਕਰ ਅਤੇ ਸੰਵਿਧਾਨ ਦੋਹਾਂ ਦਾ ਸਨਮਾਨ ਨਹੀਂ ਕਰਦੀ। ਭਾਜਪਾ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਜਦੋਂ ਹਰਿਆਣਾ ਸਮੇਤ ਪੂਰਾ ਮੁਲਕ ਜਸ਼ਨ ਦੇ ਮਾਹੌਲ ’ਚ ਸੀ ਤਾਂ ਰਾਹੁਲ ਨੇ ਹਲਫਦਾਰੀ ਸਮਾਗਮ ਦਾ ਬਾਈਕਾਟ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਸਮਾਗਮ ’ਚ ਹਾਜ਼ਰ ਹੋਣ ਦੀ ਬਜਾਏ ਕਿਸੇ ਵਿਦੇਸ਼ੀ ਦੌਰੇ ਜਾਂ ਜੰਗਲ ਸਫਾਰੀ ’ਤੇ ਗਿਆ ਹੋ ਸਕਦਾ ਹੈ।

Advertisement
Show comments