ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜਸਟਿਸ ਸੰਜੀਵ ਖੰਨਾ ਨੇ ਦੇਸ਼ ਦੇ 51ਵੇਂ ਚੀਫ ਜਸਟਿਸ ਵਜੋਂ ਹਲਫ਼ ਲਿਆ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਹੁਦੇ ਦਾ ਹਲਫ਼ ਦਿਵਾਇਆ
ਰਾਸ਼ਟਰਪਤੀ ਦਰੋਪਦੀ ਮੁਰਮੂ ਜਸਟਿਸ ਸੰਜੀਵ ਖੰਨਾ ਨੂੰ ਭਾਰਤ ਦੇ ਚੀਫ ਜਸਟਿਸ ਵਜੋਂ ਹਲਫ਼ ਦਿਵਾਉਂਦੇ ਹੋਏ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 11 ਨਵੰਬਰ

ਜਸਟਿਸ ਸੰਜੀਵ ਖੰਨਾ ਨੇ ਅੱਜ ਭਾਰਤ ਦੇ 51ਵੇਂ ਚੀਫ ਜਸਟਿਸ (ਸੀਜੇਆਈ) ਵਜੋਂ ਹਲਫ਼ ਲਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ’ਚ ਹੋਏ ਸੰਖੇਪ ਸਹੁੰ ਚੁੱਕ ਸਮਾਗਮ ’ਚ ਜਸਟਿਸ ਖੰਨਾ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਸੀਜੇਆਈ ਨੇ ਅੰਗਰੇਜ਼ੀ ’ਚ ਹਲਫ਼ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਅਹਿਮ ਸ਼ਖਸੀਅਤਾਂ ਨੇ ਜਸਟਿਸ ਖੰਨਾ ਨੂੰ ਭਾਰਤ ਦੇ ਨਵੇਂ ਚੀਫ ਜਸਟਿਸ ਬਣਨ ’ਤੇ ਵਧਾਈ ਦਿੱਤੀ ਹੈ। ਜਸਟਿਸ ਖੰਨਾ ਜਿਨ੍ਹਾਂ ਦਾ ਜਨਮ 14 ਮਈ 1960 ਨੂੰ ਹੋਇਆ ਸੀ, ਦਾ ਭਾਰਤ ਦੇ ਚੀਫ ਜਸਟਿਸ ਵਜੋਂ ਕਾਰਜਕਾਲ ਛੇ ਮਹੀਨਿਆਂ ਤੋਂ ਥੋੜ੍ਹੇ ਵੱਧ ਸਮੇਂ ਲਈ ਹੋਵੇਗਾ ਅਤੇ ਉਹ 13 ਮਈ 2025 ਨੂੰ 65 ਸਾਲ ਦੀ ਉਮਰ ’ਚ ਸੇਵਾਮੁਕਤ ਹੋਣਗੇ।

Advertisement

ਸਹੁੰ ਚੁੱਕ ਸਮਾਗਮ ਮਗਰੋਂ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਚੀਫ ਜਸਟਿਸ ਡੀਵਾਈ ਚੰਦਰਚੂੜ ਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ। -ਫੋਟੋ: ਮਾਨਸ ਰੰਜਨ ਭੂਈ

ਉਨ੍ਹਾਂ ਨੇ ਸਾਬਕਾ ਸੀਜੇਆਈ ਡੀਵਾਈ ਚੰਦਰਚੂੜ ਦੀ ਥਾਂ ਲਈ ਹੈ। ਜਸਟਿਸ ਚੰਦਰਚੂੁੜ 10 ਨਵੰਬਰ ਨੂੰ ਸੀਜੇਆਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਚੀਫ ਜਸਟਿਸ ਵਜੋਂ ਸੁਪਰੀਮ ਕੋਰਟ ’ਚ ਕਾਰਵਾਈ ਚਲਾਉਣ ਮੌਕੇ ਜਸਟਿਸ ਖੰਨਾ ਨੇ ਉਨ੍ਹਾਂ ਨੂੰ ਵਧਾਈ ਦੇਣ ਵਾਲੇ ਵਕੀਲਾਂ ਦਾ ਧੰਨਵਾਦ ਕੀਤਾ। ਸੀਨੀਅਰ ਵਕੀਲ ਤੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਕਾਰਵਾਈ ਦੀ ਸ਼ੁਰੂਆਤ ’ਚ ਸੰਜੀਵ ਖੰਨਾ ਦੇ ਚੀਫ਼ ਜਸਟਿਸ ਵਜੋਂ ਸਫਲ ਕਾਰਜਕਾਲ ਦੀ ਕਾਮਨਾ ਕੀਤੀ। ਹਲਫ਼ਦਾਰੀ ਸਮਾਗਮ ਮੌਕੇ ਜਸਟਿਸ ਡੀਵਾਈ ਚੰਦਰਚੂੜ ਤੋਂ ਇਲਾਵਾ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਸਾਬਕਾ ਸੀਜੇਆਈ ਜੇ.ਐੱਸ. ਖੇਹਰ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਦਿੱਲੀ ਅਧਾਰਿਤ ਇੱਕ ਵੱਕਾਰੀ ਪਰਿਵਾਰ ਨਾਲ ਸਬੰਧਤ ਜਸਟਿਸ ਸੰਜੀਵ ਖੰਨਾ ਦਿੱਲੀ ਹਾਈ ਕੋਰਟ ਦੇ ਸਾਬਕਾ ਜਸਟਿਸ ਦੇਵ ਰਾਜ ਖੰਨਾ ਦੇ ਬੇਟੇ ਅਤੇ ਸਿਖਰਲੀ ਅਦਾਲਤ ਦੇ ਸਾਬਕਾ ਜਸਟਿਸ ਐੱਚ.ਆਰ. ਖੰਨਾ ਦੇ ਭਤੀਜੇ ਹਨ। ਸੁਪਰੀਮ ਕੋਰਟ ਦੇ ਜਸਟਿਸ ਵਜੋਂ 18 ਜਨਵਰੀ 2019 ਨੂੰ ਤਰੱਕੀਯਾਬ ਹੋਏ ਸੰਜੀਵ ਖੰਨਾ ਪੈਂਡਿੰਗ ਮਾਮਲਿਆਂ ਨੂੰ ਘਟਾਉਣ ਤੇ ਨਿਆਂ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੇ ਸਮਰਥਕ ਰਹੇ ਹਨ। ਜਸਟਿਸ ਖੰਨਾ ਨੇ ਦਿੱਲੀ ਯੂਨੀਵਰਸਿਟੀ ਦੇ ‘ਕੈਂਪਸ ਲਾਅ ਸੈਂਟਰ’ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਸੀ। -ਪੀਟੀਆਈ

ਕਈ ਇਤਿਹਾਸਕ ਫ਼ੈਸਲੇ ਸੁਣਾਉਣ ’ਚ ਸ਼ਾਮਲ ਰਹੇ ਨੇ ਨਵੇਂ ਸੀਜੇਆਈ

ਜਸਟਿਸ ਖੰਨਾ ਜਨਵਰੀ 2019 ਤੋਂ ਸੁਪਰੀਮ ਕੋਰਟ ’ਚ ਜਸਟਿਸ ਵਜੋਂ ਸੇਵਾਵਾਂ ਦੇ ਰਹੇ ਹਨ। ਉਹ ਈਵੀਐੱਮਜ਼ ਨੂੰ ਖਾਮੀ ਰਹਿਤ ਦੱਸਣ, ਬਾਂਡ ਸਕੀਮ ਖਤਮ ਕਰਨ, ਧਾਰਾ 370 ਰੱਦ ਕਰਨ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਜਿਹੇ ਕਈ ਇਤਿਹਾਸਕ ਫ਼ੈਸਲਿਆਂ ਦਾ ਹਿੱਸਾ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਤੇ ਕਾਂਗਰਸ ਪ੍ਰਧਾਨ ਖੜਗੇ ਨੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਅਹਿਮ ਸ਼ਖਸੀਅਤਾਂ ਨੇ ਜਸਟਿਸ ਖੰਨਾ ਨੂੰ ਭਾਰਤ ਦੇ ਨਵੇਂ ਚੀਫ ਜਸਟਿਸ ਬਣਨ ’ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਜਸਟਿਸ ਸੰਜੀਵ ਖੰਨਾ ਦੇ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਇਆ, ਜਿਨ੍ਹਾਂ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਵਜੋਂ ਹਲਫ਼ ਲਿਆ ਹੈ। ਉਨ੍ਹਾਂ ਦੇ ਸੀਜੇਆਈ ਵਜੋਂ ਕਾਰਜਕਾਲ ਲਈ ਮੇਰੇ ਵੱਲੋਂ ਸ਼ੁਭਕਾਮਨਾਵਾਂ।’’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੀਜੇਆਈ ਸੰਜੀਵ ਖੰਨਾ ਨੂੰ ਵਧਾਈ ਦਿੱਤੀ ਅਤੇ ਕਿਹਾ, ‘‘ਵੱਡੀਆਂ ਉਮੀਦਾਂ ਕਾਰਨ ਇਹ ਅਹੁਦਾ ਉਨ੍ਹਾਂ ਦੀ ਜ਼ਿੰਮੇਵਾਰੀ ਵਧਾਏਗਾ। ਮੈਂ, ਸੀਜੇਆਈ ਖੰਨਾ ਨੂੰ ਹਲਫ਼ ਲੈਣ ’ਤੇ ਵਧਾਈ ਦਿੰਦਾ ਹਾਂ।’’ -ਪੀਟੀਆਈ

Advertisement