ਪੱਤਰਕਾਰ ਅਭਿਸਾਰ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਰਾਹਤ
ਸੁਪਰੀਮ ਕੋਰਟ ਨੇ ਪੱਤਰਕਾਰ ਅਭਿਸਾਰ ਸ਼ਰਮਾ ਖ਼ਿਲਾਫ਼ ਅਸਾਮ ’ਚ ਦਰਜ ਐੱਫਆਈਆਰ ਦੇ ਮਾਮਲੇ ’ਚ ਉਸ ਨੂੰ ਚਾਰ ਹਫ਼ਤਿਆਂ ਦੀ ਅੰਤਰਿਮ ਰਾਹਤ ਦੇ ਦਿੱਤੀ ਹੈ। ਅਸਾਮ ਦੀਆਂ ਨੀਤੀਆਂ ਦੀ ਕਥਿਤ ਆਲੋਚਨਾ ਬਾਰੇ ਵੀਡੀਓ ਨਸ਼ਰ ਕਰਨ ਦੇ ਦੋਸ਼ ਹੇਠ ਪੱਤਰਕਾਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਜਸਟਿਸ ਐੱਮ ਐੱਮ ਸੁੰਦਰੇਸ਼ ਅਤੇ ਜਸਟਿਸ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਅਭਿਸਾਰ ਸ਼ਰਮਾ ਵੱਲੋਂ ਅਸਾਮ ’ਚ ਦਰਜ ਐੱਫਆਈਆਰ ਨੂੰ ਚੁਣੌਤੀ ਦੇਣ ਦੀ ਅਪੀਲ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਗੁਹਾਟੀ ਹਾਈ ਕੋਰਟ ਦਾ ਰੁਖ਼ ਕਰਨ ਲਈ ਕਿਹਾ। ਉਂਝ ਬੈਂਚ ਨੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 152 ਦੀ ਵੈਧਤਾ ਨੂੰ ਚੁਣੌਤੀ ਦੇਣ ਦੀ ਅਪੀਲ ’ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ। ਬੈਂਚ ਨੇ ਕਿਹਾ ਕਿ ਉਹ ਐੱਫਆਈਆਰ ਖ਼ਿਲਾਫ਼ ਸੁਣਵਾਈ ਨਹੀਂ ਕਰਨਗੇ ਪਰ ਉਹ ਪਟੀਸ਼ਨਰ (ਅਭਿਸਾਰ ਸ਼ਰਮਾ) ਨੂੰ ਹਾਈ ਕੋਰਟ ਕੋਲ ਪਹੁੰਚ ਕਰਨ ਲਈ ਚਾਰ ਹਫ਼ਤਿਆਂ ਦੀ ਅੰਤਰਿਮ ਰਾਹਤ ਦਿੰਦੇ ਹਨ। ਪੱਤਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਬੀਐੱਨਐੱਸ ਦੀ ਧਾਰਾ 152 ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਇਹ ਅਜਿਹਾ ਹਥਿਆਰ ਬਣ ਗਈ ਹੈ ਜਿਸ ਨੂੰ ਕਿਸੇ ਖ਼ਿਲਾਫ਼ ਵੀ ਲਗਾਇਆ ਜਾ ਸਕਦਾ ਹੈ। -ਪੀਟੀਆਈ