ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝੇ ਯਤਨ ਜ਼ਰੂਰੀ: ਬਿਰਲਾ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਜਲਵਾਯੂ ਪਰਿਵਰਤਨ, ਮਹਾਮਾਰੀਆਂ ਅਤੇ ਭੋਜਨ ਅਸੁਰੱਖਿਆ ਵਰਗੀਆਂ ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝੀਆਂ ਕੋਸ਼ਿਸ਼ਾਂ ਦਾ ਸੱਦਾ ਦਿੱਤਾ ਹੈ। 68ਵੀਂ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਬਿਰਲਾ ਨੇ ਕਿਹਾ ਕਿ ਜਲਵਾਯੂ ਪਰਿਵਰਤਨ, ਮਹਾਮਾਰੀਆਂ, ਭੋਜਨ ਅਸੁਰੱਖਿਆ ਅਤੇ ਅਸਮਾਨਤਾ ਵਰਗੇ ਆਲਮੀ ਸੰਕਟ ਸਰਹੱਦਾਂ ਤੋਂ ਪਾਰ ਹਨ ਅਤੇ ਇਨ੍ਹਾਂ ਲਈ ਸਮੂਹਿਕ ਹੱਲ ਦੀ ਲੋੜ ਹੈ। ਉਨ੍ਹਾਂ ਕਿਹਾ, ‘ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ ਹੈ ਕਿਉਂਕਿ ਇਨ੍ਹਾਂ ਦਾ ਹੱਲ ਇਕੱਲਿਆਂ ਨਹੀਂ ਲੱਭਿਆ ਜਾ ਸਕਦਾ।’ ਬਿਰਲਾ ਨੇ ਕਿਹਾ ਕਿ ਭਾਰਤ, ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨ ਵਾਲਾ ਪਹਿਲਾ ਵੱਡਾ ਦੇਸ਼ ਬਣ ਗਿਆ ਹੈ। ਉਨ੍ਹਾਂ ਕਿਹਾ, ‘ਕੌਮਾਂਤਰੀ ਸੂਰਜੀ ਊਰਚਾ ਗੱਠਜੋੜ’ ਅਤੇ ‘ਆਫ਼ਤਾਂ ਦਾ ਸਾਹਮਣਾ ਕਰਨ ਦੇ ਸਮਰੱਥ ਬੁਨਿਆਦੀ ਢਾਂਚੇ ਲਈ ਗੱਠਜੋੜ’ ਵਰਗੀਆਂ ਪਹਿਲਕਦਮੀਆਂ ਰਾਹੀਂ ਭਾਰਤ ਨੇ ਧਰਤੀ ਲਈ ਆਲਮੀ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ ਹੈ।’
ਉਨ੍ਹਾਂ ਕਿਹਾ ਕਿ ਭਾਰਤ ਲੋਕਤੰਤਰ ਅਤੇ ਬਰਾਬਰਤਾ ਦੀ ਜਿਊਂਦੀ-ਜਾਗਦੀ ਮਿਸਾਲ ਹੈ, ਜਿੱਥੇ ਸੰਵਿਧਾਨ ਪਿਛਲੇ 75 ਸਾਲਾਂ ਤੋਂ ਇਸ ਦਾ ਮਾਰਗ ਦਰਸ਼ਕ ਰਿਹਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕਤੰਤਰ ਭਾਰਤ ਦੀ ਆਤਮਾ, ਸਮਾਨਤਾ ਇਸ ਦਾ ਸੰਕਲਪ ਅਤੇ ਨਿਆਂ ਇਸ ਦੀ ਪਛਾਣ ਹੈ। ਭੋਜਨ ਅਤੇ ਸਿਹਤ ਸੁਰੱਖਿਆ ਦੀ ਮਹੱਤਤਾ ਨੂੰ ਉਭਾਰਦਿਆਂ ਬਿਰਲਾ ਨੇ ਕਿਹਾ ਕਿ ਭਾਰਤ ਆਲਮੀ ਭੋਜਨ ਅਤੇ ਪੋਸ਼ਣ ਸੁਰੱਖਿਆ ਵਿੱਚ ਭਰੋਸੇਯੋਗ ਭਾਈਵਾਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਭਾਰਤ ਨੇ 150 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਅਤੇ ਵੈਕਸੀਨਾਂ ਦੀ ਸਪਲਾਈ ਕੀਤੀ।