JNUSU ਚੋਣਾਂ: ਗਿਣਤੀ ਜਾਰੀ, ਖੱਬੇ ਪੱਖੀ ਅਤੇ ABVP ਦੀਆਂ ਵੋਟਾਂ ’ਚ ਮਾਮੂਲੀ ਫਰਕ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (JNUSU) ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ, ਜਿਸ ਵਿੱਚ ਤਾਜ਼ਾ ਰੁਝਾਨ ਚਾਰ ਕੇਂਦਰੀ ਪੈਨਲ ਅਹੁਦਿਆਂ ’ਤੇ ਲੈਫਟ ਯੂਨਿਟੀ (ਖੱਬੇ ਪੱਖੀ ਏਕਤਾ) ਅਤੇ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ABVP) ਵਿਚਕਾਰ ਸਖ਼ਤ ਮੁਕਾਬਲਾ ਦਿਖਾ ਰਹੇ ਹਨ।
ਵੀਰਵਾਰ ਨੂੰ ਗਿਣਤੀ ਬੂਥਾਂ ’ਤੇ ਮੌਜੂਦ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਦੇ ਨੁਮਾਇੰਦਿਆਂ ਅਨੁਸਾਰ 4340 ਵੋਟਾਂ ਦੀ ਗਿਣਤੀ ਤੋਂ ਬਾਅਦ ਪ੍ਰਧਾਨਗੀ ਦੀ ਦੌੜ ਵਿੱਚ ਲੈਫਟ ਯੂਨਿਟੀ ਦੀ ਅਦਿਤੀ ਮਿਸ਼ਰਾ 1,375 ਵੋਟਾਂ ਨਾਲ ਅੱਗੇ ਚੱਲ ਰਹੀ ਹੈ, ਉਸ ਤੋਂ ਬਾਅਦ ABVP ਦੇ ਵਿਕਾਸ ਪਟੇਲ 1,192 ਅਤੇ ਪ੍ਰੋਗਰੈਸਿਵ ਸਟੂਡੈਂਟਸ ਐਸੋਸੀਏਸ਼ਨ (PSA) ਦੀ ਸ਼ਿੰਦੇ ਵਿਜੇਲਕਸ਼ਮੀ 915 ਵੋਟਾਂ ਨਾਲ ਹਨ।
ਮੀਤ ਪ੍ਰਧਾਨ ਦੇ ਅਹੁਦੇ ਲਈ ਲੈਫਟ ਯੂਨਿਟੀ ਦੀ ਉਮੀਦਵਾਰ ਕੇ ਗੋਪਿਕਾ ਬਾਬੂ ਨੇ 2,146 ਵੋਟਾਂ ਨਾਲ ਮਜ਼ਬੂਤ ਬੜ੍ਹਤ ਬਣਾਈ ਹੋਈ ਹੈ, ਜਦੋਂ ਕਿ ABVP ਦੀ ਤਾਨਿਆ ਕੁਮਾਰੀ 1,437 ਵੋਟਾਂ ਨਾਲ ਪਿੱਛੇ ਹੈ।
ਜਨਰਲ ਸਕੱਤਰ ਦੇ ਮੁਕਾਬਲੇ ਵਿੱਚ ABVP ਦੇ ਰਾਜੇਸ਼ਵਰ ਕਾਂਤ ਦੁਬੇ ਨੇ 1,496 ਵੋਟਾਂ ਹਾਸਲ ਕੀਤੀਆਂ ਹਨ, ਜੋ ਲੈਫਟ ਯੂਨਿਟੀ ਦੇ ਸੁਨੀਲ ਯਾਦਵ (1,367 ਵੋਟਾਂ) ਤੋਂ ਮਾਮੂਲੀ ਅੱਗੇ ਹਨ।
ਸੰਯੁਕਤ ਸਕੱਤਰ ਦੇ ਅਹੁਦੇ ਲਈ ਵੋਟਾਂ ਦਾ ਮਾਮੂਲੀ ਫਰਕ ਚੱਲ ਰਿਹਾ ਹੈ, ਖੱਬੇ ਪੱਖੀ ਧਿਰ ਦੇ ਦਾਨਿਸ਼ ਅਲੀ ਨੂੰ 1,447 ਵੋਟਾਂ ਮਿਲੀਆਂ ਹਨ ਅਤੇ ABVP ਦੇ ਅਨੁਜ ਦਮਾਰਾ 1,494 ਵੋਟਾਂ ਨਾਲ ਮਾਮੂਲੀ ਅੱਗੇ ਹਨ।
ਸਰੋਤਾਂ ਅਨੁਸਾਰ ਲਗਭਗ 1,500 ਵੋਟਾਂ ਦੀ ਗਿਣਤੀ ਹੋਣੀ ਬਾਕੀ ਹੈ।
ਇਸ ਤੋਂ ਪਹਿਲਾਂ, ABVP ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਸ ਨੇ ਐਲਾਨੀਆਂ ਗਈਆਂ 26 ਕੌਂਸਲਰ ਸੀਟਾਂ ਵਿੱਚੋਂ 14 ਜਿੱਤ ਲਈਆਂ ਹਨ, ਤਿੰਨ ਸਕੂਲਾਂ ਵਿੱਚ "ਕਲੀਨ ਸਵੀਪ" ਦਾ ਦਾਅਵਾ ਕੀਤਾ ਹੈ।
ਮੰਗਲਵਾਰ ਨੂੰ ਹੋਈਆਂ JNUSU ਚੋਣਾਂ ਵਿੱਚ 67 ਫੀਸਦੀ ਮਤਦਾਨ ਹੋਇਆ, ਜੋ ਪਿਛਲੇ ਸਾਲ ਦੇ 70 ਫੀਸਦੀ ਤੋਂ ਥੋੜ੍ਹਾ ਘੱਟ ਹੈ। ਚੋਣ ਕਮੇਟੀ ਨੇ ਕਿਹਾ ਕਿ ਅੰਤਿਮ ਨਤੀਜੇ ਵੀਰਵਾਰ ਰਾਤ ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ।
