ਜੇ ਐੱਨ ਯੂ ਚੋਣਾਂ: ਖੱਬੇ ਗੱਠਜੋੜ ਨੇ ਹੂੰਝਾ ਫੇਰਿਆ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇ ਐੱਨ ਯੂ ਐੱਸ ਯੂ) ਚੋਣਾਂ ’ਚ ਖੱਬੇ ਪੱਖੀਆਂ ਦੇ ਗੱਠਜੋੜ ਨੇ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ ਸਾਰੇ ਚਾਰ ਮੁੱਖ ਅਹੁਦਿਆਂ ’ਤੇ ਕਬਜ਼ਾ ਕਰ ਲਿਆ ਹੈ। ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਅਤੇ ਡੈਮੋਕਰੈਟਿਕ ਸਟੂਡੈਂਟਸ ਫੈਡਰੇਸ਼ਨ ਦੇ ਗੱਠਜੋੜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏ ਆਈ ਐੱਸ ਏ) ਨੇ ਜੇ ਐੱਨ ਯੂ ਕੈਂਪਸ ’ਚ ਆਪਣਾ ਦਬਦਬਾ ਕਾਇਮ ਰੱਖਿਆ ਹੈ।
ਖੱਬੇ ਮੋਰਚੇ ਦੀ ਅਦਿਤੀ ਮਿਸ਼ਰਾ ਨੇ ਆਰ ਐੱਸ ਐੱਸ ਪੱਖੀ ਏ ਬੀ ਵੀ ਪੀ ਦੇ ਵਿਕਾਸ ਪਟੇਲ ਨੂੰ 449 ਵੋਟਾਂ ਨਾਲ ਹਰਾ ਕੇ ਪ੍ਰਧਾਨਗੀ ਅਹੁਦੇ ਦੀ ਚੋਣ ਜਿੱਤ ਲਈ ਹੈ। ਕਿਜ਼ਾਕੂਟ ਗੋਪਿਕਾ ਬਾਬੂ ਨੇ ਤਾਨਿਆ ਕੁਮਾਰੀ ਨੂੰ ਹਰਾ ਕੇ ਮੀਤ ਪ੍ਰਧਾਨ ਅਹੁਦੇ ਦੀ ਚੋਣ ਜਿੱਤ ਲਈ; ਸੁਨੀਲ ਯਾਦਵ ਨੇ ਰਾਜੇਸ਼ਵਰ ਕਾਂਤ ਦੂਬੇ ਨੂੰ ਹਰਾ ਕੇ ਜਨਰਲ ਸਕੱਤਰ ਅਤੇ ਦਾਨਿਸ਼ ਅਲੀ ਨੇ ਅਨੁਜ ਨੂੰ ਮਾਤ ਦੇ ਕੇ ਸੰਯੁਕਤ ਸਕੱਤਰ ਦੇ ਅਹੁਦੇ ’ਤੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਵਿਚ ਏ ਬੀ ਵੀ ਪੀ ਨੂੰ ਵੱਡਾ ਝਟਕਾ ਲੱਗਾ ਹੈ ਜਿਸ ਦੇ ਆਗੂ ਵੈਭਵ ਮੀਣਾ ਨੇ ਪਿਛਲੇ ਵਰ੍ਹੇ ਸੰਯੁਕਤ ਸਕੱਤਰ ਦੇ ਅਹੁਦੇ ’ਤੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ 2015 ’ਚ ਸੌਰਭ ਸ਼ਰਮਾ ਨੇ ਜਿੱਤ ਹਾਸਲ ਕਰ ਕੇ ਏ ਬੀ ਵੀ ਪੀ ਦਾ 14 ਸਾਲ ਦਾ ਸੋਕਾ ਖ਼ਤਮ ਕੀਤਾ ਸੀ। ਇਸ ਦੌਰਾਨ ਗਿਣਤੀ ਸਮੇਂ ਖੱਬੇ ਪੱਖੀ ਅਤੇ ਸੱਜੇ ਪੱਖੀ ਧਿਰ ਦੇ ਸਮਰਥਕਾਂ ਵਿਚਾਲੇ ਝੜਪ ਵੀ ਹੋਈ ਪਰ ਉੱਥੇ ਯੂਨੀਵਰਸਿਟੀ ਵੱਲੋਂ ਤਾਇਨਾਤ ਕੀਤੇ ਗਏ ਗਾਰਡਾਂ ਨੇ ਮਾਹੌਲ ਸ਼ਾਂਤ ਕਰਵਾ ਦਿੱਤਾ।
