J-K STATEHOOD: ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਵਾਉਣ ਲਈ ਕਾਂਗਰਸ ਵੱਲੋਂ ਭੁੱਖ ਹੜਤਾਲ ਸ਼ੁਰੂ
ਕਾਂਗਰਸੀ ਆਗੂਆਂ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਸੂਬੇ ਦਾ ਦਰਜਾ ਬਹਾਲ ਕਰਵਾਉਣ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ, ਤਾਂ ਜੋ ਕੇਂਦਰ ਸਰਕਾਰ ‘ਤੇ ਇਸ ਪ੍ਰਤੀ ਦਬਾਅ ਬਣਾਇਆ ਜਾ ਸਕੇ।
ਇਹ ਹੜਤਾਲ ਦੀ ਸ਼ੁਰੂਆਤ ਜੰਮੂ ਅਤੇ ਕਸ਼ਮੀਰ ਦੀ ਪ੍ਰਦੇਸ਼ ਕਾਂਗਰਸ ਕਮੇਟੀ (JKPCC) ਦੇ ਮੁਖੀ ਤਾਰਿਕ ਕਰਾ ਵੱਲੋਂ ਐਮਏ ਰੋਡ ‘ਤੇ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਖੇ ਸ਼ੁਰੂ ਕੀਤੀ ਗਈ। ਕਰਾ ਸਣੇ ਕੁੱਲ ਹਿੰਦ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਇਸ ਭੁੱਖ ਹੜਤਾਲ ਵਿੱਚ ਸ਼ਾਮਲ ਹੋਏ। ਜੰਮੂ ਵਿੱਚ ਵੀ ਐਤਵਾਰ ਨੂੰ ਇਸੇ ਤਰ੍ਹਾਂ ਦੀ ਭੁੱਖ ਹੜਤਾਲ ਕੀਤੀ ਜਾਵੇਗੀ।
ਇਹ ਭੁੱਖ ਹੜਤਾਲ ਪਾਰਟੀ ਦੀ ਮੁਹਿੰਮ ‘ਹਮਾਰੀ ਰਿਆਸਤ, ਹਮਾਰਾ ਹੱਕ’ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ਲਈ ਦਬਾਅ ਪਾਉਣਾ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਨੇ 5 ਅਗਸਤ 2019 ਨੂੰ ਜੰਮੂ ਅਤੇ ਕਸ਼ਮੀਰ ਨੁੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਦਿੱਤਾ ਗਿਆ ਸੀ। ਕੇਂਦਰ ਨੇ ਉਸ ਦਿਨ ਧਾਰਾ 370 ਅਤੇ 35ਏ ਨੂੰ ਵੀ ਰੱਦ ਕਰ ਦਿੱਤਾ ਸੀ।
ਤਾਰਿਕ ਕਰਾ ਨੇ ਕਿਹਾ, “ਪਾਰਟੀ ਨੇ ਦਿੱਲੀ ਵਿੱਚ ਅੰਨ੍ਹੀ, ਬੋਲ਼ੀ ਅਤੇ ਗੂੰਗੀ ਸਰਕਾਰ ਨੂੰ ਜਗਾਉਣ ਲਈ ਸੰਘਰਸ਼ ਸ਼ੁਰੂ ਕੀਤਾ ਹੈ। ਅਸੀਂ ਇਹ ਦਿਨ ਇਸ ਲਈ ਚੁਣਿਆ ਕਿਉਂਕਿ ਇਹ ਉਹ ਦਿਨ ਹੈ ਜਦੋਂ ‘ਭਾਰਤ ਛੱਡੋ ਅੰਦੋਲਨ’ ਸ਼ੁਰੂ ਕੀਤਾ ਗਿਆ ਸੀ। 9 ਤੋਂ 21 ਅਗਸਤ ਤੱਕ ਪਾਰਟੀ ਜੰਮੂ ਅਤੇ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛੇ ਭੁੱਖ ਹੜਤਾਲਾਂ ਕਰੇਗੀ।”
ਉਨ੍ਹਾਂ ਹੋਰ ਕਿਹਾ ਕਿ ਜੰਮੂ-ਕਸ਼ਮੀਰ ਦੇ 1.40 ਕਰੋੜ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਸ਼ਾਂਤੀਪੂਰਨ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ, ਕਿਉਂਕਿ ਸੰਸਦ ਇਜਲਾਸ ਚੱਲ ਰਿਹਾ ਹੈ ਪਾਰਟੀ ਜੰਮੂ ਅਤੇ ਕਸ਼ਮੀਰ ਦੇ ਸੂਬੇ ਦੇ ਦਰਜੇ ਦੀ ਬਹਾਲੀ ਨਾਲ ਸਬੰਧਤ ਕੋਈ ਨਵੇਂ ਫੈਸਲੇ ਉਡੀਕ ਕਰੇਗੀ। ਜੇ ਕੋਈ ਬਦਲਾਅ ਨਹੀ ਹੁੰਦਾ ਤਾਂ ਇਜਲਾਸ ਦੇ ਖ਼ਤਮ ਹੋਣ ‘ਤੇ ਪਾਰਟੀ ਨਵਾਂ ਪ੍ਰੋਗਰਾਮ ਉਲੀਕੇਗੀ। -ਪੀਟੀਆਈ