J&K Fashion show: ਰਮਜ਼ਾਨ ਦੌਰਾਨ ਗੁਲਮਰਗ ’ਚ ਫੈਸ਼ਨ ਸ਼ੋਅ ਕਰਵਾਉਣ ਦੀ ਆਲੋਚਨਾ
ਰਮਜ਼ਾਨ ਦੇ ਮਹੀਨੇ ਵਿੱਚ ਸਰਦੀਆਂ ਦੇ ਸੈਲਾਨੀ ਸਥਾਨ ਗੁਲਗਰਮ ਵਿੱਚ ਕਰਵਾਏ ਗਏ ਫੈਸ਼ਨ ਸ਼ੋਅ ਦੀ ਚੁਫੇਰਿਓਂ ਆਲੋਚਨਾ ਹੋਈ ਹੈ। ਕਸ਼ਮੀਰ ਦੇ ਮੀਰਵਾਇਜ਼ ਉਮਰ ਫਾਰੂਖ ਨੇ ਕਿਹਾ ਕਿ ਸੈਲਾਨੀਆਂ ਨੂੰ ਹੁਲਾਰਾ ਦੇਣ ਦੇ ਨਾਂ ’ਤੇ ਅਸ਼ਲੀਲਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਫਾਰੂਖ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਇਹ ਬੇਹੱਦ ਸ਼ਰਮਨਾਕ ਹੈ! ਰਮਜ਼ਾਨ ਦੇ ਪਵਿੱਤਰ ਮਹੀਨਿਆਂ ਵਿੱਚ ਗੁਲਮਰਗ ਵਿੱਚ ਇੱਕ ਅਸ਼ਲੀਲ ਫੈਸ਼ਨ ਸ਼ੋਅ ਕਰਵਾਇਆ ਗਿਆ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਈਆਂ ਹਨ, ਜਿਨ੍ਹਾਂ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਹੈ। ਸੂਫ਼ੀ ਸੰਤ ਸੰਸਕ੍ਰਿਤੀ ਅਤੇ ਲੋਕਾਂ ਦੇ ਡੂੰਘੇ ਧਾਰਮਿਕ ਦ੍ਰਿਸ਼ਟੀਕੋਣ ਲਈ ਜਾਣੀ ਜਾਂਦੀ ਘਾਟੀ ਵਿੱਚ ਇਸ ਨੂੰ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ?’’
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਮੀਰਵਾਇਜ਼ ਨੇ ਕਿਹਾ, ‘‘ਇਸ ਵਿੱਚ ਸ਼ਾਮਲ ਲੋਕਾਂ ਨੂੰ ਤੁਰੰਤ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਸੈਲਾਨੀਆਂ ਨੂੰ ਹੁਲਾਰਾ ਦੇਣ ਦੇ ਨਾਂ ’ਤੇ ਅਜਿਹੀ ਅਸ਼ਲੀਲਤਾ ਕਸ਼ਮੀਰ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।’’
ਸਮਾਜ ਸੇਵੀ ਰਾਜਾ ਮੁਜ਼ੱਫਰ ਭੱਟ ਨੇ ਇਸ ਪ੍ਰੋਗਰਾਮ ਨੂੰ ਕਸ਼ਮੀਰ ਦੀਆਂ ਨੈਤਿਕ ਅਤੇ ਧਾਰਮਿਕ ਕਦਰਾਂ-ਕੀਮਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਦੱਸਿਆ। -ਪੀਟੀਆਈ