ਜੇ ਜੇ ਡੀ ਸਿਆਸੀ ਤਾਕਤ ਬਣ ਕੇ ਉੱਭਰੇਗੀ: ਤੇਜਪ੍ਰਤਾਪ
ਜਨਸ਼ਕਤੀ ਜਨਤਾ ਦਲ (ਜੇ ਜੇ ਡੀ) ਦੇ ਸੰਸਥਾਪਕ ਤੇਜ ਪ੍ਰਤਾਪ ਯਾਦਵ ਨੇ ਮਹੂਆ ਹਲਕੇ ਤੋਂ ਜਿੱਤ ਦਾ ਭਰੋਸਾ ਜਤਾਉਂਦਿਆਂ ਕਿਹਾ ਕਿ ਬਿਹਾਰ ਅਸੈਂਬਲੀ ਚੋਣਾਂ ਮਗਰੋਂ ਉਨ੍ਹਾਂ ਦੀ ਪਾਰਟੀ ‘ਗੰਭੀਰ ਸਿਆਸੀ ਤਾਕਤ’ ਬਣ ਕੇ ਉੱਭਰੇਗੀ। ਯਾਦਵ ਦੀ ਪਾਰਟੀ 44 ਵਿਧਾਨ ਸੀਟਾਂ ’ਤੇ ਚੋਣ ਲੜ ਰਹੀ ਹੈ। ਤੇਜ ਪ੍ਰਤਾਪ ਨੇ ਪੀ ਟੀ ਆਈ ਵੀਡੀਓ ਗੱਲਬਾਤ ਦੌਰਾਨ ਕਿਹਾ, ‘‘ਮੈਨੂੰ ਭਰੋਸਾ ਹੈ ਕਿ ਮਹੂਆ ਦੇ ਲੋਕ ਇਕ ਵਾਰ ਫਿਰ ਮੈਨੂੰ ਆਸ਼ੀਰਵਾਦ ਦੇਣਗੇ। ਉਹ ਕਿਉਂ ਨਹੀਂ ਦੇਣਗੇ? ਮੈਂ ਉਨ੍ਹਾਂ ਲਈ ਕੰਮ ਕੀਤਾ ਹੈ ਅਤੇ ਉਹ ਇਹ ਗੱਲ ਜਾਣਦੇ ਹਨ।’’ ਭਾਜਪਾ ਦੇ ਕੁਝ ਆਗੂਆਂ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੇ ਜਾਣ ਸਬੰਧੀ ਸਵਾਲ ’ਤੇ ਯਾਦਵ ਨੇ ਆਖਿਆ ਕਿ ਚੰਗੇ ਦੀ ਸ਼ਲਾਘਾ ਤੇ ‘ਨਾਕਾਰਾਤਮਕ ਰਾਜਨੀਤੀ’ ਦੀ ਆਲੋਚਨਾ ਹੋਣੀ ਚਾਹੀਦੀ ਹੈ। ਤੇਜ ਪ੍ਰਤਾਪ ਮੁਤਾਬਕ, ‘‘ਜੇਕਰ ਕੋਈ ਚੰਗਾ ਕੰੰਮ ਕਰਦਾ ਹੈ ਤਾਂ ਉਸ ਨੂੰ ਸਲਾਹੁਣਾ ਚਾਹੀਦਾ ਹੈ। ਜੇ ਕੋਈ ਮਾੜਾ ਕੰਮ ਕਰਦਾ ਹੈ ਤਾਂ ਉਸ ਨੂੰ ਸਵਾਲ ਪੁੱਛੇ ਜਾਣੇ ਚਾਹੀਦੇ ਹਨ। ਅਸੀਂ ਚੰਗਾ ਕਰਨ ’ਚ ਯਕੀਨ ਰੱਖਦੇ ਹਾਂ ਅਤੇ ਜਨਤਾ ਉਸ ਦੀ ਕਦਰ ਕਰੇਗੀ।’’
ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨਾਲ ਹਾਲੀਆ ਮੁਲਾਕਾਤ ਦੀਆਂ ਰਿਪੋਰਟਾਂ ਸਬੰਧੀ ਤੇਜ ਪ੍ਰਤਾਪ ਨੇ ਕਿਹਾ ਕਿ ਘਰ ਛੱਡਣ ਮਗਰੋਂ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨਾਲ ਕਦੇ ਮੁਲਾਕਾਤ ਨਹੀਂ ਕੀਤੀ ਪਰ ਉਨ੍ਹਾਂ ਭਾਜਪਾ ਤੇ ਤੇਜਸਵੀ ਯਾਦਵ ਬਾਰੇ ਟਿੱਪਣੀ ਤੋਂ ਟਾਲਾ ਵੱਟ ਲਿਆ।
