ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਭਾਰਤ ਦੀ ਵੰਡ ਲਈ ਜਿਨਾਹ, ਕਾਂਗਰਸ ਤੇ ਮਾਊਂਟਬੈਟਨ ਦੋਸ਼ੀ’

ਐੱਨਸੀਈਆਰਟੀ ਵੱਲੋਂ ‘ਵੰਡ ਦੀ ਦਹਿਸ਼ਤ ਦਾ ਯਾਦਗਾਰੀ ਦਿਵਸ’ ਮਨਾਉਣ ਲਈ ਜਾਰੀ ਵਿਸ਼ੇਸ਼ ਮੌਡਿਊਲ ’ਚ ਕੀਤਾ ਦਾਅਵਾ; ਵੰਡ ਤੋਂ ਬਾਅਦ ਕਸ਼ਮੀਰ ਨਵੀਂ ਸਮੱਸਿਆ ਬਣ ਕੇ ਸਾਹਮਣੇ ਆਉਣ ਦਾ ਦਾਅਵਾ
Advertisement

ਕੌਮੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ (ਐੱਨਸੀਈਆਰਟੀ) ਨੇ ‘ਵੰਡ ਦੀ ਦਹਿਸ਼ਤ ਦਾ ਯਾਦਗਾਰੀ ਦਿਵਸ” ਮਨਾਉਣ ਲਈ ਇੱਕ ਵਿਸ਼ੇਸ਼ ਮੌਡਿਊਲ ਜਾਰੀ ਕੀਤਾ ਹੈ। ਇਸ ਮੌਡਿਊਲ ਵਿੱਚ ਭਾਰਤ ਦੀ ਵੰਡ ਲਈ ਮੁਹੰਮਦ ਅਲੀ ਜਿਨਾਹ, ਕਾਂਗਰਸ ਅਤੇ ਤਤਕਾਲੀ ਵਾਇਸਰਾਏ ਲਾਰਡ ਮਾਊਂਟਬੈਟਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਐੱਨਸੀਈਆਰਟੀ ਨੇ ਦੋ ਵੱਖਰੇ ਮੌਡਿਊਲ ਪ੍ਰਕਾਸ਼ਿਤ ਕੀਤੇ ਹਨ - ਇੱਕ ਕਲਾਸ 6ਵੀਂ ਤੋਂ 8ਵੀਂ (ਮਿਡਲ ਸਟੇਜ) ਲਈ ਅਤੇ ਦੂਜਾ ਕਲਾਸ 9ਵੀਂ ਤੋਂ 12ਵੀਂ (ਸੈਕੰਡਰੀ ਸਟੇਜ) ਲਈ। ਇਹ ਅੰਗਰੇਜ਼ੀ ਅਤੇ ਹਿੰਦੀ ਵਿੱਚ ਪੂਰਕ ਸਰੋਤ ਹਨ ਜੋ ਕਿ ਨਿਯਮਤ ਪਾਠ ਪੁਸਤਕਾਂ ਦਾ ਹਿੱਸਾ ਨਹੀਂ ਹਨ ਅਤੇ ਪ੍ਰਾਜੈਕਟਾਂ, ਪੋਸਟਰਾਂ, ਚਰਚਾਵਾਂ ਅਤੇ ਬਹਿਸਾਂ ਰਾਹੀਂ ਵਰਤੇ ਜਾਣ ਲਈ ਹਨ। ਦੋਵੇਂ ਮੌਡਿਊਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2021 ਦੇ ਉਸ ਸੁਨੇਹੇ ਨਾਲ ਸ਼ੁਰੂ ਹੁੰਦੇ ਹਨ, ਜਿਸ ਵਿੱਚ ਵੰਡ ਦੀ ਦਹਿਸ਼ਤ ਦਾ ਯਾਦਗਾਰੀ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ।

ਇਸ ਮੌਡਿਊਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੰਡ ਤੋਂ ਬਾਅਦ ਕਸ਼ਮੀਰ ਇੱਕ ਨਵੀਂ ਸਮੱਸਿਆ ਬਣ ਕੇ ਸਾਹਮਣੇ ਆਇਆ, ਜੋ ਕਿ ਪਹਿਲਾਂ ਕਦੇ ਭਾਰਤ ਵਿੱਚ ਨਹੀਂ ਸੀ ਅਤੇ ਜਿਸ ਨੇ ਦੇਸ਼ ਦੀ ਵਿਦੇਸ਼ ਨੀਤੀ ਲਈ ਇੱਕ ਚੁਣੌਤੀ ਖੜ੍ਹੀ ਕੀਤੀ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਦੇਸ਼, ਪਾਕਿਸਤਾਨ ਨੂੰ ਲਗਾਤਾਰ ਮਦਦ ਦਿੰਦੇ ਰਹਿੰਦੇ ਹਨ ਅਤੇ ਕਸ਼ਮੀਰ ਦੇ ਮੁੱਦੇ ’ਤੇ ਭਾਰਤ ’ਤੇ ਦਬਾਅ ਪਾਉਂਦੇ ਹਨ। ਮੌਡਿਊਲ ਵਿੱਚ ਕਿਹਾ ਗਿਆ ਹੈ, ‘‘ਭਾਰਤ ਦੀ ਵੰਡ ਗਲਤ ਵਿਚਾਰਾਂ ਕਾਰਨ ਹੋਈ। ਭਾਰਤੀ ਮੁਸਲਮਾਨਾਂ ਦੀ ਪਾਰਟੀ ਮੁਸਲਿਮ ਲੀਗ ਨੇ 1940 ਵਿੱਚ ਲਾਹੌਰ ’ਚ ਇੱਕ ਕਾਨਫ਼ਰੰਸ ਕੀਤੀ। ਇਸ ਦੇ ਆਗੂ ਮੁਹੰਮਦ ਅਲੀ ਜਿਨਾਹ ਨੇ ਕਿਹਾ ਕਿ ਹਿੰਦੂ ਤੇ ਮੁਸਲਮਾਨ ਦੋ ਵੱਖ-ਵੱਖ ਧਾਰਮਿਕ ਵਿਚਾਰਧਾਰਾਵਾਂ, ਸਮਾਜਿਕ ਰੀਤੀ-ਰਿਵਾਜ਼ਾਂ ਅਤੇ ਸਾਹਿਤ ਨਾਲ ਸਬੰਧਤ ਹਨ।’’ ‘ਵੰਡ ਦੇ ਦੋਸ਼ੀ’ ਸਿਰਲੇਖ ਵਾਲੇ ਇੱਕ ਭਾਗ ਵਿੱਚ ਐੱਨਸੀਈਆਰਟੀ ਦੇ ਮੌਡਿਊਲ ਵਿੱਚ ਕਿਹਾ ਗਿਆ ਹੈ, ‘‘ਅੰਤ ਵਿੱਚ 15 ਅਗਸਤ 1947 ਨੂੰ ਭਾਰਤ ਵੰਡਿਆ ਗਿਆ ਪਰ ਇਹ ਸਿਰਫ਼ ਇੱਕ ਵਿਅਕਤੀ ਦਾ ਕੰਮ ਨਹੀਂ ਸੀ। ਭਾਰਤ ਦੀ ਵੰਡ ਲਈ ਤਿੰਨ ਤੱਤ ਜ਼ਿੰਮੇਵਾਰ ਸਨ: ਜਿਨਾਹ ਜਿਸ ਨੇ ਇਸ ਦੀ ਮੰਗ ਕੀਤੀ, ਦੂਜਾ ਤੱਤ ਕਾਂਗਰਸ ਸੀ ਜਿਸ ਨੇ ਇਸ ਨੂੰ ਸਵੀਕਾਰ ਕੀਤਾ ਤੇ ਤੀਜਾ ਮਾਊਂਟਬੈਟਨ ਜਿਸ ਨੇ ਇਸ ਨੂੰ ਲਾਗੂ ਕੀਤਾ ਪਰ ਮਾਊਂਟਬੈਟਨ ਇੱਕ ਵੱਡੀ ਗਲਤੀ ਦਾ ਦੋਸ਼ੀ ਸਾਬਿਤ ਹੋਇਆ।’’ ਮੌਡਿਊਲ ’ਚ ਜਿਨਾਹ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਮੌਡਿਊਲ ਵਿੱਚ ਸਰਦਾਰ ਵੱਲਭਭਾਈ ਪਟੇਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਦੀ ਸਥਿਤੀ ਵਿਸਫੋਟਕ ਹੋ ਗਈ ਸੀ। ਇਸ ਵਿੱਚ ਮਹਾਤਮਾ ਗਾਂਧੀ ਦੇ ਰੁਖ ਦਾ ਹਵਾਲਾ ਵੀ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਵੰਡ ਦੇ ਵਿਰੁੱਧ ਸਨ ਪਰ ਕਾਂਗਰਸ ਦੇ ਫੈਸਲੇ ਦਾ ਹਿੰਸਾ ਨਾਲ ਵਿਰੋਧ ਨਹੀਂ ਕਰਨਗੇ।

Advertisement

ਪੰਜਾਬ ਦੇ ਲੱਖਾਂ ਲੋਕਾਂ ਨੂੰ ਨਹੀਂ ਪਤਾ ਸੀ ਕਿ ਉਹ ਭਾਰਤ ’ਚ ਨੇ ਜਾਂ ਪਾਕਸਿਤਾਨ ’ਚ

ਮੌਡਿਊਲ ਵਿੱਚ ਕਿਹਾ ਗਿਆ ਹੈ, ‘‘ਤਤਕਾਲੀ ਵਾਇਸਰਾਏ ਮਾਊਂਟਬੈਟਨ ਨੇ ਸੱਤਾ ਤਬਦੀਲੀ ਦੀ ਤਰੀਕ ਨੂੰ ਜੂਨ 1948 ਤੋਂ ਅਗਸਤ 1947 ਤੱਕ ਐਡਵਾਂਸ ਕਰ ਦਿੱਤਾ। ਉਸ ਨੇ ਇਸ ਲਈ ਸਾਰਿਆਂ ਨੂੰ ਰਾਜ਼ੀ ਕਰ ਲਿਆ। ਇਸ ਕਾਰਨ, ਵੰਡ ਤੋਂ ਪਹਿਲਾਂ ਪੂਰੀ ਤਿਆਰੀ ਨਹੀਂ ਹੋ ਸਕੀ। ਵੰਡ ਦੀਆਂ ਸਰਹੱਦਾਂ ਦਾ ਨਿਰਧਾਰਨ ਵੀ ਜਲਦਬਾਜ਼ੀ ਵਿੱਚ ਕੀਤਾ ਗਿਆ। ਇਸ ਲਈ, ਸਰ ਸਿਰਿਲ ਰੈਡਕਲਿਫ਼ ਨੂੰ ਸਿਰਫ਼ ਪੰਜ ਹਫ਼ਤੇ ਦਿੱਤੇ ਗਏ। ਪੰਜਾਬ ਵਿੱਚ 15 ਅਗਸਤ 1947 ਤੋਂ ਦੋ ਦਿਨ ਬਾਅਦ ਵੀ ਲੱਖਾਂ ਲੋਕਾਂ ਨੂੰ ਪਤਾ ਨਹੀਂ ਸੀ ਕਿ ਉਹ ਭਾਰਤ ਵਿੱਚ ਹਨ ਜਾਂ ਪਾਕਿਸਤਾਨ ਵਿੱਚ। ਅਜਿਹੀ ਜਲਦਬਾਜ਼ੀ ਇੱਕ ਵੱਡੀ ਲਾਪ੍ਰਵਾਹੀ ਸੀ।’’

ਕਾਂਗਰਸ ਤੇ ਭਾਜਪਾ ਨੇ ਇਕ-ਦੂਜੇ ’ਤੇ ਸੇਧੇ ਨਿਸ਼ਾਨੇ

ਨਵੀਂ ਦਿੱਲੀ (ਟਨਸ): ਕੌਮੀ ਸਿੱਖਿਆ ਖੋਜ ਤੇ ਸਿਖਲਾਈ ਸੰਸਥਾ (ਐੱਨਸੀਈਆਰਟੀ) ਵੱਲੋਂ ਭਾਰਤ ਦੀ ਵੰਡ ਬਾਰੇ ਜਾਰੀ ਕੀਤੇ ਗਏ ਇੱਕ ਵਿਸ਼ੇਸ਼ ਮੌਡਿਊਲ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਨੇ ਇਕ-ਦੂਜੇ ’ਤੇ ਨਿਸ਼ਾਨੇ ਸੇਧੇ। ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਇਸ ਮੌਡਿਊਲ ਨੂੰ ਸਾੜਨ ਦੀ ਮੰਗ ਕੀਤੀ ਹੈ। ਉਨ੍ਹਾਂ ਮੌਡਿਊਲ ਵਿੱਚ ਕੀਤੇ ਗਏ ਦਾਅਵਿਆਂ ਨੂੰ ਖਾਰਜ ਕਰਦਿਆਂ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ’ਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਲਈ ਗੱਠਜੋੜ ਕਰਨ ਦਾ ਦੋਸ਼ ਲਗਾਇਆ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਖੇੜਾ ਨੇ ਕਿਹਾ, “ਜੇ ਇਸ ਕਿਤਾਬ ਵਿੱਚ ਇਹ ਸਭ ਕੁਝ ਨਹੀਂ ਲਿਖਿਆ, ਤਾਂ ਇਸ ਨੂੰ ਅੱਗ ਲਗਾ ਦਿਓ। ਸੱਚ ਇਹ ਹੈ ਕਿ ਵੰਡ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਦੇ ਗੱਠਜੋੜ ਕਾਰਨ ਹੋਈ ਸੀ। ਜੇਕਰ ਇਤਿਹਾਸ ਦਾ ਸਭ ਤੋਂ ਵੱਡਾ ਖਲਨਾਇਕ ਕੋਈ ਹੈ, ਤਾਂ ਉਹ ਆਰਐੱਸਐੱਸ ਹੈ। ਆਉਣ ਵਾਲੀਆਂ ਪੀੜ੍ਹੀਆਂ ਉਸ ਸਮੇਂ 25 ਸਾਲਾਂ ਤੱਕ ਕੀਤੀ ਗਈ ਜਾਸੂਸੀ ਵਿੱਚ ਭੂਮਿਕਾ ਲਈ ਇਸ ਨੂੰ ਕਦੇ ਮੁਆਫ਼ ਨਹੀਂ ਕਰਨਗੀਆਂ ਅਤੇ ਉਸ ਜਾਸੂਸੀ ਵਿੱਚ ਮੁਸਲਮਾਨਾਂ ਅਤੇ ਜਿਨਾਹ ਨਾਲ ਗੱਠਜੋੜ ਇਸ ਦਾ ਸੀ।” ਭਾਜਪਾ ਦੇ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, “ਸਾਨੂੰ ਵੰਡ ਬਾਰੇ ਐੱਨਸੀਈਆਰਟੀ ਦੇ ਇੱਕ ਵਿਸ਼ੇਸ਼ ਮੌਡਿਊਲ ਦਾ ਪਤਾ ਲੱਗਾ ਹੈ, ਪਰ ਅਸੀਂ ਤੱਥਾਂ ਤੋਂ ਭੱਜ ਨਹੀਂ ਸਕਦੇ। ਵੰਡ ਦੇ ਸਮੇਂ ਸੱਤਾ ਵਿੱਚ ਕੌਣ ਸੀ, ਉਹ ਮੁਸਲਿਮ ਲੀਗ ਤੇ ਨਹਿਰੂ ਦੀ ਅਗਵਾਈ ਵਾਲੀ ਕਾਂਗਰਸ ਸੀ। ਵੰਡ ਦੇ ਪੱਖ ਵਿੱਚ ਨਹਿਰੂ ਦੇ ਬਿਆਨ ਹਨ। ਫਿਰ ਉਸ ਸਮੇਂ ਸੱਤਾ ਦੇ ਲਾਲਚ, ਤੁਸ਼ਟੀਕਰਨ ਦੀ ਰਾਜਨੀਤੀ ਵਿੱਚ ਜੋ ਗਲਤ ਕਦਮ ਚੁੱਕੇ ਗਏ ਸਨ, ਅਸੀਂ ਅੱਜ ਵੀ ਉਸ ਦਾ ਖ਼ਮਿਆਜ਼ਾ ਭੁਗਤ ਰਹੇ ਹਾਂ।’’ ਇਸੇ ਦੌਰਾਨ ਏਆਈਐੱਮਆਈਐੱਮ ਦੇ ਸੰਸਦ ਮੈਂਬਰ ਅਸਦੂਦੀਨ ਓਵਾਇਸੀ ਨੇ ਐੱਨਸੀਈਆਰਟੀ ਵਿੱਚ ਸ਼ਮਸੁਲ ਇਸਲਾਮ ਦੀ ਕਿਤਾਬ ‘ਮੁਸਲਿਮਸ ਅਗੇਂਸਟ ਪਾਰਟੀਸ਼ਨ’ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ।

Advertisement