ਝਾਰਖੰਡ: ਰਾਂਚੀ ’ਚ ਪੁਲੀਸ ਸਟੇਸ਼ਨ ’ਤੇ ਹਜੂਮ ਵੱਲੋਂ ਹਮਲਾ; ਇੱਕ ਅਧਿਕਾਰੀ ਜ਼ਖ਼ਮੀ
ਝਾਰਖੰਡ ਦੇ ਰਾਂਚੀ ਜ਼ਿਲ੍ਹੇ ਵਿੱਚ ਪੁਲੀਸ ਸਟੇਸ਼ਨ ’ਤੇ ਭੀੜ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਪੁਲੀਸ ਸਟੇਸ਼ਨ ਇੰਚਾਰਜ ਜ਼ਖ਼ਮੀ ਹੋ ਗਿਆ।
ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਪਾਂਡਰਾ ਪੁਲੀਸ ਸਟੇਸ਼ਨ ਵਿੱਚ ਵਾਪਰੀ, ਜਦੋਂ ਇੱਕ ਸੜਕ ਹਾਦਸੇ ਤੋਂ ਬਾਅਦ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਇੱਕ ਵਿਅਕਤੀ ਦੀ ਮੌਤ ਹੋ ਜਾਣ ਤੋਂ ਬਾਅਦ ਭੀੜ ਨੇ ਥਾਣੇ ਵਿੱਚ ਹੰਗਾਮਾ ਕਰ ਦਿੱਤਾ।
ਕੋਤਵਾਲੀ ਦੇ ਡੀਐਸਪੀ ਪ੍ਰਕਾਸ਼ ਸੋਏ ਨੇ ਕਿਹਾ, “ ਇੱਕ ਹਫ਼ਤਾ ਪਹਿਲਾਂ ਗੁਮਲਾ ਜ਼ਿਲ੍ਹੇ ਦਾ ਇੱਕ ਵਿਅਕਤੀ ਪੰਡਰਾ ਥਾਣਾ ਖੇਤਰ ਵਿੱਚ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਸਦਾ ਰਾਂਚੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਹਾਦਸੇ ਵਿੱਚ ਸ਼ਾਮਲ ਇੱਕ ਟਰਾਲਾ ਨੂੰ ਪੁਲੀਸ ਨੇ ਜ਼ਬਤ ਕਰ ਲਿਆ ਹੈ।”
ਉਨ੍ਹਾਂ ਕਿਹਾ ਕਿ ਹਾਦਸੇ ਦੇ ਪੀੜਤ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਸੜਕਾਂ ਜਾਮ ਕਰ ਦਿੱਤੀਆਂ। ਉਨ੍ਹਾਂ ਮੰਗ ਕੀਤੀ ਕਿ ਟਰਾਲਾ ਮਾਲਕ ਨੂੰ ਉਨ੍ਹਾਂ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਉਸ ਤੋਂ ਮੁਆਵਜ਼ਾ ਲਿਆ ਜਾਵੇ।
ਸਟੇਸ਼ਨ ਇੰਚਾਰਜ ਨੇ ਉਨ੍ਹਾਂ ਨੂੰ ਮੁਆਵਜ਼ੇ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੁਲੀਸ ਟਰਾਲਾ ਮਾਲਕ ਅਤੇ ਡਰਾਈਵਰ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ।
ਡੀਐਸਪੀ ਨੇ ਕਿਹਾ, “ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਰੋਸਾ ਦੇਣ ਤੋਂ ਬਾਅਦ ਹੰਗਾਮਾ ਖ਼ਤਮ ਕਰ ਦਿੱਤਾ। ਹਾਲਾਂਕਿ ਕੁਝ ਸਮੇਂ ਬਾਅਦ ਕੁਝ ਬਦਮਾਸ਼ ਜੋ ਹਜੂਮ ਦਾ ਹਿੱਸਾ ਸਨ ਉਹ ਸਟੇਸ਼ਨ ਵਾਪਸ ਆਏ ਅਤੇ ਇੰਚਾਰਜ ਅਧਿਕਾਰੀ ਮਨੀਸ਼ ਗੁਪਤਾ ਨਾਲ ਬਹਿਸ ਕਰਨ ਲੱਗ ਪਏ। ਗੱਲ ਹੋਰ ਵੀ ਵਧ ਗਈ ਅਤੇ ਭੀੜ ਨੇ ਅਧਿਕਾਰੀ ਦੇ ਸਿਰ ’ਤੇ ਵਾਰ ਕੀਤਾ। ਇਸ ਦੌਰਾਨ ਪੁਲੀਸ ਸਟੇਸ਼ਨ ਦੀ ਭੰਨਤੋੜ ਵੀ ਕੀਤੀ ਅਤੇ ਇੱਕ ਪੁਲੀਸ ਵਾਹਨ ਨੂੰ ਨੁਕਸਾਨ ਪਹੁੰਚਾਇਆ। ਮੌਕੇ ’ਤੇ ਸੁਰੱਖਿਆ ਬਲਾਂ ਨੇ ਸਥਿਤੀ ਤੇ ਕਾਬੂ ਪਾਇਆ।”
ਉਨ੍ਹਾਂ ਕਿਹਾ ਕਿ ਜ਼ਖਮੀ ਅਧਿਕਾਰੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।