ਝਾਰਖੰਡ: ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਘਰ ’ਚ ਨਜ਼ਰਬੰਦ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਨੇਤਾ ਚੰਪਈ ਸੋਰੇਨ ਨੂੰ ਬਹੁ-ਕਰੋੜੀ ਸਰਕਾਰੀ ਸਿਹਤ ਸੰਸਥਾ ਲਈ ਜ਼ਮੀਨ ਗ੍ਰਹਿਣ ਖ਼ਿਲਾਫ਼ ਆਦਿਵਾਸੀ ਸੰਗਠਨਾਂ ਦੇ ਪ੍ਰਦਰਸ਼ਨ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਅੱਜ ਘਰ ਵਿੱਚ ਨਜ਼ਰਬੰਦ ਕੀਤਾ ਗਿਆ।
ਪੁਲੀਸ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਬਾਬੂਲਾਲ ਸੋਰੇਨ ਅਤੇ ਰਾਂਚੀ ਜਾ ਰਹੇ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਇੱਕ ਥਾਣੇ ਵਿੱਚ ਹਿਰਾਸਤ ’ਚ ਲੈ ਲਿਆ ਗਿਆ ਹੈ। ਰਾਂਚੀ (ਸ਼ਹਿਰ) ਦੇ ਡੀਐੱਸਪੀ ਕੇ ਵੀ ਰਮਨ ਨੇ ਦੱਸਿਆ, ‘‘ਆਦਿਵਾਸੀ ਸੰਗਠਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਸਾਵਧਾਨੀ ਵਜੋਂ ਚੰਪਈ ਸੋਰੇਨ ਨੂੰ ਨਜ਼ਰਬੰਦ ਕੀਤਾ ਗਿਆ ਹੈ।’’
ਉਨ੍ਹਾਂ ਦੱਸਿਆ ਕਿ ਅੱਜ ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਵੱਡੀ ਗਿਣਤੀ ਪੁਲੀਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਮਹੱਤਵਪੂਰਨ ਸਥਾਨ ’ਤੇ ਬੈਰੀਕੇਡ ਲਗਾਏ ਗਏ ਹਨ। ਹਾਲਾਂਕਿ ਚੰਪਈ ਸੋਰੇਨ ਨੇ ਇਸ ਕਦਮ ਨੂੰ ਗ਼ੈਰਲੋਕਤੰਤਰਿਕ ਕਰਾਰ ਦਿੰਦਿਆਂ ਕਿਹਾ ਕਿ ਆਦਿਵਾਸੀਆਂ ਅਤੇ ਪ੍ਰਦਰਸ਼ਨ ਦਾ ਸਮਰਥਨ ਕਰਨ ’ਤੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਚੰਪਈ ਸੋਰੇਨ ਦੇ ਘਰ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸਾਬਕਾ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਹ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਝਾਰਖੰਡ ਵਿੱਚ 20 ਤੋਂ ਵੱਧ ਆਦਿਵਾਸੀ ਸੰਗਠਨਾਂ, ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੇ ਅੱਜ ਉਸ ਜਗ੍ਹਾ ’ਤੇ ‘ਹਲ੍ਹ ਜੋਤੋ, ਰੋਪਾ ਰੋਪੋ’ (ਹਲ੍ਹ ਵਾਹੋ, ਬੂਟੇ ਲਾਓ) ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ, ਜਿੱਥੇ 1074 ਕਰੋੜ ਰੁਪਏ ਦੇ ਰਾਜੇਂਦਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਆਰਆਈਐੱਮਐੱਸ)-2 ਹਸਪਤਾਲ ਪ੍ਰਾਜੈਕਟ ਪ੍ਰਸਤਾਵਿਤ ਹੈ।