ਝਾਰਖੰਡ: ਮਾਓਵਾਦੀਆਂ ਨਾਲ ਮੁਕਾਬਲੇ ਦੌਰਾਨ 2 ਸੁਰੱਖਿਆ ਕਰਮੀਆਂ ਦੀ ਮੌਤ
ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਪਾਬੰਦੀਸ਼ੁਦਾ ਟੀਐੱਸਪੀਸੀ (ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਓਵਾਦੀ) ਦੇ ਇੱਕ ਵੱਖਰੇ ਸਮੂਹ) ਨਾਲ ਹੋਈ ਗੋਲੀਬਾਰੀ ਵਿੱਚ ਦੋ ਸੁਰੱਖਿਆ ਕਰਮੀ ਮਾਰੇ ਗਏ ਅਤੇ ਇੱਕ ਜ਼ਖਮੀ ਹੋ ਗਿਆ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ...
Advertisement
ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਪਾਬੰਦੀਸ਼ੁਦਾ ਟੀਐੱਸਪੀਸੀ (ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਓਵਾਦੀ) ਦੇ ਇੱਕ ਵੱਖਰੇ ਸਮੂਹ) ਨਾਲ ਹੋਈ ਗੋਲੀਬਾਰੀ ਵਿੱਚ ਦੋ ਸੁਰੱਖਿਆ ਕਰਮੀ ਮਾਰੇ ਗਏ ਅਤੇ ਇੱਕ ਜ਼ਖਮੀ ਹੋ ਗਿਆ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਅਤੇ ਪਾਬੰਦੀਸ਼ੁਦਾ ਤ੍ਰਿਤੀਆ ਸੰਮੇਲਨ ਪ੍ਰਸਤੁਤੀ ਕਮੇਟੀ (ਟੀਐੱਸਪੀਸੀ) ਦੇ ਮੈਂਬਰਾਂ ਵਿਚਕਾਰ ਇਹ ਮੁਕਾਬਲਾ ਮਾਨਤੂ ਥਾਣਾ ਖੇਤਰ ਦੇ ਕੇਦਲ ਪਿੰਡ ਵਿੱਚ ਅੱਧੀ ਰਾਤ 12.30 ਵਜੇ ਦੇ ਕਰੀਬ ਹੋਇਆ।
ਪਲਾਮੂ ਦੇ ਡੀਆਈਜੀ ਨੌਸ਼ਾਦ ਆਲਮ ਨੇ ਪੀਟੀਆਈ ਨੂੰ ਦੱਸਿਆ, “ਗੋਲੀਬਾਰੀ ਵਿੱਚ ਦੋ ਸੁਰੱਖਿਆ ਕਰਮੀ ਮਾਰੇ ਗਏ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਮੇਦਿਨੀਰਾਏ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।’’ ਮ੍ਰਿਤਕਾਂ ਦੀ ਪਛਾਣ ਸੰਤਨ ਮਹਿਤਾ ਅਤੇ ਸੁਨੀਲ ਰਾਮ ਵਜੋਂ ਹੋਈ ਹੈ। ਆਲਮ ਨੇ ਕਿਹਾ ਕਿ ਨਕਸਲੀਆਂ ਦੇ ਪੱਖ ਤੋਂ ਹੋਏ ਨੁਕਸਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਪਲਾਮੂ ਦੀ ਐੱਸਪੀ ਰੀਸ਼ਮਾ ਰਮੇਸਨ ਨੇ ਕਿਹਾ ਕਿ ਟੀਐੱਸਪੀਸੀ ਕਮਾਂਡਰ ਸ਼ਸ਼ੀਕਾਂਤ ਗੰਜੂ ਅਤੇ ਉਸ ਦੇ ਦਸਤੇ ਦੀ ਕੇਦਲ ਪਿੰਡ ਵਿੱਚ ਮੌਜੂਦਗੀ ਬਾਰੇ ਜਾਣਕਾਰੀ ਦੇ ਆਧਾਰ ’ਤੇ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ। ਜਿਵੇਂ ਹੀ ਸੁਰੱਖਿਆ ਕਰਮੀ ਪਿੰਡ ਵਿੱਚ ਪਹੁੰਚੇ ਟੀਐੱਸਪੀਸੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੋਈ ਗੋਲੀਬਾਰੀ ਵਿੱਚ ਤਿੰਨ ਸੁਰੱਖਿਆ ਕਰਮੀਆਂ ਨੂੰ ਗੋਲੀਆਂ ਲੱਗੀਆਂ। ਉਨ੍ਹਾਂ ਨੂੰ ਤੁਰੰਤ ਮੇਦਿਨੀਰਾਏ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਜ਼ਖਮੀ ਪੁਲਿਸ ਮੁਲਾਜ਼ਮ ਦਾ ਇਲਾਜ ਚੱਲ ਰਿਹਾ ਹੈ।
ਇੱਕ ਹੋਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਕਸਲੀ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਦੋ ਪੁਲੀਸ ਕਰਮੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। -ਪੀਟੀਆਈ
Advertisement