ਦੁਨੀਆ ਨੂੰ ਅਲਵਿਦਾ ਕਹਿ ਗਏ ਜਸਵਿੰਦਰ ਭੱਲਾ:
ਆਪਣੀ ਦਮਦਾਰ ਕਾਮੇਡੀ ਅਤੇ ਅਦਾਕਾਰੀ ਰਾਹੀਂ ਸਾਢੇ ਤਿੰਨ ਦਹਾਕਿਆਂ ਤੋਂ ਸਰੋਤਿਆਂ ਅਤੇ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਕਾਮੇਡੀ ਕਲਾਕਾਰ ਡਾ. ਜਸਵਿੰਦਰ ਭੱਲਾ ਉਰਫ਼ ਚਾਚਾ ਚਤਰਾ ਦਾ ਅੱਜ ਦੇਹਾਂਤ ਹੋ ਗਿਆ। ਉਹ 65 ਸਾਲਾਂ ਦੇ ਸਨ। ਉਨ੍ਹਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਅੱਜ ਤੜਕੇ ਚਾਰ ਵਜੇ ਆਖਰੀ ਸਾਹ ਲਏ ਜਿੱਥੇ ਉਹ ਲੰਘੇ ਬੁੱਧਵਾਰ ਤੋਂ ਦਾਖ਼ਲ ਸਨ। ਉਨ੍ਹਾਂ ਦੀ ਮੌਤ ਬ੍ਰੇਨ ਸਟਰੋਕ ਕਾਰਨ ਹੋਈ। ਲੰਘੀ ਰਾਤ ਨੌਂ ਵਜੇ ਤੋਂ ਉਨ੍ਹਾਂ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਗਈ ਤੇ ਅੱਜ ਤੜਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜਸਵਿੰਦਰ ਭੱਲਾ ਦਾ ਸਸਕਾਰ 23 ਅਗਸਤ ਨੂੰ ਬਾਅਦ ਦੁਪਹਿਰ ਇੱਕ ਵਜੇ ਮੁਹਾਲੀ ਦੇ ਬਲੌਂਗੀ ਸਥਿਤ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ। ਉਨ੍ਹਾਂ ਦੀ ਦੇਹ ਆਖਰੀ ਦਰਸ਼ਨਾਂ ਲਈ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਉਨ੍ਹਾਂ ਦੀ ਮੁਹਾਲੀ, ਫੇਜ਼-7 ਸਥਿਤ ਰਿਹਾਇਸ਼ ਕੋਠੀ ਨੰ. 3045 ’ਚ ਰੱਖੀ ਜਾਵੇਗੀ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਪਰਮਦੀਪ ਭੱਲਾ, ਪੁੱਤਰ ਪੁਖਰਾਜ ਭੱਲਾ ਅਤੇ ਧੀ ਅਰਸ਼ਦੀਪ ਕੌਰ ਹਨ। ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਸੀ ਆਗੂਆਂ, ਸਾਹਿਤਕ ਹਸਤੀਆਂ, ਗਾਇਕਾਂ, ਗੀਤਕਾਰਾਂ, ਫ਼ਿਲਮੀ ਕਲਾਕਾਰਾਂ ਤੇ ਹੋਰਾਂ ਨੇ ਜਸਵਿੰਦਰ ਭੱਲਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ’ਚ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਦੇ ਘਰ ਹੋਇਆ। ਉਨ੍ਹਾਂ ਮੁੱਢਲੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਕਰਨ ਮਗਰੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀਐੱਸਸੀ ਅਤੇ ਐੱਮਐੱਸਸੀ ਐਗਰੀਕਲਚਰ ਦੀ ਪੜ੍ਹਾਈ ਕੀਤੀ। ਉਨ੍ਹਾਂ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ ਮੇਰਠ ਤੋਂ ਪੀਐੱਚਡੀ ਕੀਤੀ। ਇਸ ਮਗਰੋਂ ਉਹ ਪੀਏਯੂ ਲੁਧਿਆਣਾ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਭਰਤੀ ਹੋਏ ਅਤੇ 31 ਮਈ 2020 ਨੂੰ ਪਸਾਰ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਵਜੋਂ ਸੇਵਾਮੁਕਤ ਹੋਏ। ੍ਯਉਨ੍ਹਾਂ ਦੀ ਵਿਦਿਆਰਥੀ ਜੀਵਨ ਤੋਂ ਹੀ ਕਲਾਕਾਰੀ ਵੱਲ ਰੁਚੀ ਸੀ। 1975 ਵਿੱਚ ਆਲ ਇੰਡੀਆ ਰੇਡੀਓ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਪਰ 1988 ਤੋਂ ਆਪਣੇ ਸਹਿਯੋਗੀ ਕਲਾਕਾਰ ਬਾਲ ਮੁਕੰਦ ਸ਼ਰਮਾ ਨਾਲ ਉਨ੍ਹਾਂ ‘ਛਣਕਾਟਾ’ ਰਾਹੀਂ ਕਾਮੇਡੀ ਖੇਤਰ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ 27 ਤੋਂ ਵੱਧ ਆਡੀਓ-ਵੀਡੀਓ ਕੈਸਟਾਂ ਕੱਢੀਆਂ। ਉਨ੍ਹਾਂ ਦਰਜਨਾਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਵੀ ਵਿਖਾਏ। ਉਨ੍ਹਾਂ ਦੀਆਂ ਪ੍ਰਮੁੱਖ ਫ਼ਿਲਮਾਂ ਵਿਚ ‘ਮਾਹੌਲ ਠੀਕ ਹੈ’, ‘ਬਾਬਲ ਦਾ ਵੇਹੜਾ’, ‘ਜੀਹਨੇ ਮੇਰਾ ਦਿਲ ਲੁੱਟਿਆ’, ‘ਪਾਵਰ ਕੱਟ’, ‘ਚੱਕ ਦੇ ਫੱਟੇ’, ‘ਮੇਲ ਕਰਾ ਦੇ ਰੱਬਾ’, ‘ਕੈਰੀ ਆਨ ਜੱਟਾ’, ‘ਜੱਟ ਐਂਡ ਜੂਲੀਅਟ’, ‘ਸਰਦਾਰ ਜੀ’ ਸ਼ਾਮਲ ਹਨ।