ਭਾਰਤ ’ਚ 10 ਖ਼ਰਬ ਯੇਨ ਨਿਵੇਸ਼ ਕਰੇਗਾ ਜਪਾਨ
ਜਪਾਨ ਨੇ ਭਾਰਤ ’ਚ ਅਗਲੇ ਇਕ ਦਹਾਕੇ ਦੌਰਾਨ 10 ਖ਼ਰਬ ਯੇਨ ਨਿਵੇਸ਼ ਕਰਨ ਦਾ ਟੀਚਾ ਰੱਖਿਆ ਹੈ। ਦੋਵੇਂ ਮੁਲਕਾਂ ਨੇ ਅਹਿਮ ਖਣਿਜਾਂ, ਰੱਖਿਆ ਅਤੇ ਤਕਨਾਲੋਜੀ ਜਿਹੇ ਕਈ ਅਹਿਮ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਵੱਡਾ ਖਾਕਾ ਵੀ ਤਿਆਰ ਕੀਤਾ ਹੈ। ਇਹ ਫ਼ੈਸਲੇ ਵਪਾਰ ਅਤੇ ਟੈਰਿਫ਼ ਬਾਰੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਆਰਥਿਕ ਪੱਧਰ ’ਤੇ ਪੈਦਾ ਹੋਏ ਹਾਲਾਤ ਦਰਮਿਆਨ ਲਏ ਗਏ ਹਨ। ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਭਾਈਵਾਲੀ ਦੇ ਵਿਸਥਾਰ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਸ਼ਿਗੇਰੂ ਇਸ਼ਿਬਾ ਵਿਚਾਲੇ ਸਿਖਰ ਵਾਰਤਾ ਮਗਰੋਂ ਕੀਤਾ ਗਿਆ।
ਮੋਦੀ ਨੇ ਇਸ਼ਿਬਾ ਨਾਲ ਮੀਡੀਆ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ, ‘‘ਅਸੀਂ ਅਗਲੇ 10 ਵਰ੍ਹਿਆਂ ’ਚ ਜਪਾਨ ਨਾਲ ਭਾਰਤ ’ਚ 10 ਖ਼ਰਬ ਯੇਨ ਦੇ ਨਿਵੇਸ਼ ਦਾ ਟੀਚਾ ਰੱਖਿਆ ਹੈ। ਅਸੀਂ ਨਿਵੇਸ਼, ਕਾਢਾਂ ਅਤੇ ਆਰਥਿਕ ਸੁਰੱਖਿਆ ਸਮੇਤ ਵੱਖ ਵੱਖ ਖੇਤਰਾਂ ’ਚ ਸਹਿਯੋਗ ਲਈ 10 ਸਾਲ ਦਾ ਖਾਕਾ ਤਿਆਰ ਕੀਤਾ ਹੈ।’’ ਅੱਜ ਸਵੇਰੇ ਟੋਕੀਓ ਪੁੱਜੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਜਪਾਨ ਸਹਿਯੋਗ ਆਲਮੀ ਸ਼ਾਂਤੀ ਅਤੇ ਸਥਿਰਤਾ ਲਈ ਅਹਿਮ ਹੈ ਤੇ ਦੋਵੇਂ ਧਿਰਾਂ ਨੇ ਭਾਈਵਾਲੀ ’ਚ ‘ਨਵੇਂ ਅਤੇ ਸੁਨਹਿਰੇ ਅਧਿਆਏ’ ਦੀ ਮਜ਼ਬੂਤ ਨੀਂਹ ਰੱਖ ਦਿੱਤੀ ਹੈ। ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਜਪਾਨ ਆਜ਼ਾਦ, ਖੁੱਲ੍ਹੇ, ਸ਼ਾਂਤਮਈ, ਖੁਸ਼ਹਾਲ ਅਤੇ ਨੇਮ ਅਧਾਰਿਤ ਹਿੰਦ-ਪ੍ਰਸ਼ਾਤ ਖ਼ਿੱਤੇ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਦੋਵੇਂ ਮੁਲਕਾਂ ਨੇ ਰੱਖਿਆ ਸਨਅਤ ਅਤੇ ਕਾਢਾਂ ਦੇ ਖੇਤਰ ’ਚ ਸਹਿਯੋਗ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਵੀ ਲਿਆ। ਮੋਦੀ ਨੇ ਕਿਹਾ ਕਿ ਅਤਿਵਾਦ ਅਤੇ ਸਾਈਬਰ ਸੁਰੱਖਿਆ ਦੇ ਸਬੰਧ ’ਚ ਭਾਰਤ ਅਤੇ ਜਪਾਨ ਦੀਆਂ ਚਿੰਤਾਵਾਂ ਇਕੋ ਜਿਹੀਆਂ ਹਨ। ਉਨ੍ਹਾਂ ਕਿਹਾ ਕਿ ਇਕ ਬਿਹਤਰ ਦੁਨੀਆ ਦੇ ਨਿਰਮਾਣ ’ਚ ਮਜ਼ਬੂਤ ਲੋਕਤੰਤਰ ਸੁਭਾਵਿਕ ਭਾਈਵਾਲ ਹੁੰਦੇ ਹਨ। ਆਪਣੇ ਸੰਬੋਧਨ ’ਚ ਜਪਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਧਿਰਾਂ ਨੂੰ ਅਗਲੀ ਪੀੜ੍ਹੀ ਦੀਆਂ ਚੁਣੌਤੀਆਂ ਨਾਲ ਸਿੱਝਣ ਲਈ ਇਕ-ਦੂਜੇ ਦੀ ਤਾਕਤ ਦਾ ਲਾਹਾ ਲੈਣ ਦੀ ਲੋੜ ਹੈ। ਇਸ ਤੋਂ ਪਹਿਲਾਂ ਭਾਰਤ-ਜਪਾਨ ਬਿਜ਼ਨਸ ਫੋਰਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਜਪਾਨ ਦੀ ਤਕਨਾਲੋਜੀ ਅਤੇ ਭਾਰਤ ਦਾ ਹੁਨਰ ਇਸ ਸ਼ਤਾਬਦੀ ’ਚ ਤਕਨਾਲੋਜੀ ਇਨਕਲਾਬ ਦੀ ਅਗਵਾਈ ਕਰ ਸਕਦੇ ਹਨ। ਇਸ ਦੌਰਾਨ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀਆਂ ਯੋਸ਼ੀਹਿਦੇ ਸੁਗਾ ਅਤੇ ਫੁਮੀਓ ਕਿਸ਼ਿਦਾ ਨੇ ਮੋਦੀ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ। ਮੋਦੀ ਨੇ ਜਪਾਨ ਦੀ ਪ੍ਰਤੀਨਿਧ ਸਭਾ ਦੇ ਸਪੀਕਰ ਫੂਕੁਸ਼ੀਰੋ ਨੁਕਾਗਾ ਨਾਲ ਵੀ ਮੁਲਾਕਾਤ ਕੀਤੀ। ਸਿਖਰ ਸੰਮੇਲਨ ਮਗਰੋਂ ਜਾਰੀ ਸਾਂਝੇ ਬਿਆਨ ’ਚ ਭਾਰਤ ਅਤੇ ਜਪਾਨ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕਰਦਿਆਂ ਇਸ ਘਿਨਾਉਣੇ ਕਾਰੇ ਦੇ ਸਾਜ਼ਿਸ਼ਘਾੜਿਆਂ ਅਤੇ ਵਿੱਤੀ ਸਹਾਇਤਾ ਕਰਨ ਵਾਲਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਅਤੇ ਹੋਰ ਜਥੇਬੰਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਵੀ ਕਿਹਾ। ਭਾਰਤ ਅਤੇ ਜਪਾਨ ਨੇ ਚੰਦਰਯਾਨ-5 ਮਿਸ਼ਨ ’ਚ ਸਹਿਯੋਗ ਸਬੰਧੀ ਸਮਝੌਤੇ ’ਤੇ ਦਸਤਖ਼ਤ ਵੀ ਕੀਤੇ।
-ਪੀਟੀਆਈ
ਮੋਦੀ ਨੂੰ ਤੋਹਫ਼ੇ ’ਚ ਮਿਲੀ ਦਰੂਮਾ ਗੁੱਡੀ
ਟੋਕੀਓ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਪਾਨ ਯਾਤਰਾ ਦੌਰਾਨ ਖੁਸ਼ਕਿਸਮਤੀ ਦੇ ਪ੍ਰਤੀਕ ਵਜੋਂ ਜਾਣੀ ਜਾਂਦੀ ਰਵਾਇਤੀ ਦਰੂਮਾ ਗੁੱਡੀ ਭੇਟ ਕੀਤੀ ਗਈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਮੋਦੀ ਨੂੰ ਤਾਕਾਸਾਕੀ-ਗੁਨਮਾ ਸਥਿਤ ਸ਼ੋਰਿਨਜ਼ਾਨ ਦਰੂਮਾ-ਜੀ ਮੰਦਰ ਦੇ ਮੁੱਖ ਪੁਜਾਰੀ ਰੇਵ ਸੇਸ਼ੀ ਹਿਰੋਸੇ ਨੇ ਦਰੂਮਾ ਗੁੱਡੀ ਭੇਟ ਕੀਤੀ। ਜਪਾਨੀ ਸੱਭਿਆਚਾਰ ’ਚ ਦਰੂਮਾ ਗੁੱਡੀ ਨੂੰ ਸ਼ੁੱਭ ਅਤੇ ਖੁਸ਼ਕਿਸਮਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੁਨਮਾ ਸਥਿਤ ਤਾਕਾਸਾਕੀ ਸ਼ਹਿਰ ਮਸ਼ਹੂਰ ਦਰੂਮਾ ਗੁੱਡੀਆਂ ਦਾ ਜਨਮ ਅਸਥਾਨ ਮੰਨਿਆ ਜਾਂਦਾ ਹੈ। ਜਪਾਨ ’ਚ ਦਰੂਮਾ ਰਵਾਇਤ ਤਾਮਿਲ ਨਾਡੂ ਦੇ ਕਾਂਚੀਪੁਰਮ ਦੇ ਇਕ ਭਾਰਤੀ ਬੋਧ ਭਿਕਸ਼ੂ ਬੋਧੀਧਰਮ ਦੇ ਵਿਰਸੇ ’ਤੇ ਅਧਾਰਤ ਹੈ ਜਿਨ੍ਹਾਂ ਨੂੰ ਜਪਾਨ ’ਚ ਦਰੂਮਾ ਦਾਇਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਇਕ ਹਜ਼ਾਰ ਸਾਲ ਪਹਿਲਾਂ ਜਪਾਨ ਆਏ ਸਨ। -ਪੀਟੀਆਈ
ਆਰਥਿਕ ਸਥਿਰਤਾ ਲਈ ਭਾਰਤ-ਚੀਨ ਦਾ ਰਲ ਕੇ ਚੱਲਣਾ ਅਹਿਮ: ਮੋਦੀ
ਟੋਕੀਓ/ਪੇਈਚਿੰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਦਾ ਰਲ ਕੇ ਕੰਮ ਕਰਨਾ ਆਲਮੀ ਆਰਥਿਕ ਪ੍ਰਬੰਧ ’ਚ ਸਥਿਰਤਾ ਲਈ ਅਹਿਮ ਹੈ। ਇੱਕ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ਭਾਰਤ ਦੁਵੱਲੇ ਸਬੰਧਾਂ ਦੇ ਮਾਮਲੇ ’ਚ ਰਣਨੀਤਕ ਅਤੇ ਲੰਬੇ ਸਮੇਂ ਦੇ ਨਜ਼ਰੀਏ ਨਾਲ ਅੱਗੇ ਵਧਣ ਲਈ ਤਿਆਰ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਐਤਵਾਰ ਨੂੰ ਤਿਆਨਜਿਨ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖਰ ਸੰਮੇਲਨ ਦੌਰਾਨ ਦੋ ਵਾਰ ਮੀਟਿੰਗਾਂ ਕਰ ਸਕਦੇ ਹਨ। ਬੀਤੇ ਸੱਤ ਸਾਲਾਂ ’ਚ ਇਹ ਮੋਦੀ ਦਾ ਪਹਿਲਾ ਚੀਨ ਦੌਰਾ ਹੋਵੇਗਾ। ਦੋਵੇਂ ਆਗੂਆਂ ਵਿਚਾਲੇ ਮੀਟਿੰਗ ’ਤੇ ਦੁਨੀਆ ਦੀਆਂ ਨਜ਼ਰਾਂ ਹੋਣਗੀਆਂ ਕਿਉਂਕਿ ਇਸ ਨਾਲ ਦੁਵੱਲੇ ਸਬੰਧਾਂ ਨੂੰ ਲੈ ਕੇ ਭਵਿੱਖ ਦੀ ਯੋਜਨਾ ਤੈਅ ਹੋਵੇਗੀ।ਦੌਰੇ ਮੌਕੇ ‘ਦਿ ਯੋਮਿਉਰੀ ਸ਼ਿੰਬੁਨ’ ’ਚ ਪ੍ਰਕਾਸ਼ਿਤ ਇੰਟਰਵਿਊ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਗੁਆਂਢੀ ਅਤੇ ਦੁਨੀਆ ਦੇ ਦੋ ਸਭ ਤੋਂ ਵੱਡੇ ਮੁਲਕ ਹੋਣ ਕਾਰਨ ਭਾਰਤ ਅਤੇ ਚੀਨ ਵਿਚਾਲੇ ਸਥਿਰ ਅਤੇ ਢੁੱਕਵੇਂ ਦੁਵੱਲੇ ਸਬੰਧ ਖੇਤਰੀ ਅਤੇ ਆਲਮੀ ਸ਼ਾਂਤੀ ਤੇ ਖੁਸ਼ਹਾਲੀ ’ਤੇ ਹਾਂ-ਪੱਖੀ ਅਸਰ ਪਾ ਸਕਦੇ ਹਨ। ਚੀਨ ਨਾਲ ਸਬੰਧਾਂ ’ਚ ਸੁਧਾਰ ਦੀ ਅਹਿਮੀਅਤ ਬਾਰੇ ਪੁੱਛੇ ਗਏ ਸਵਾਲ ’ਤੇ ਮੋਦੀ ਨੇ ਕਿਹਾ, ‘‘ਬੀਤੇ ਵਰ੍ਹੇ ਕਜ਼ਾਨ ’ਚ ਰਾਸ਼ਟਰਪਤੀ ਸ਼ੀ ਨਾਲ ਮੇਰੀ ਮੀਟਿੰਗ ਮਗਰੋਂ ਸਾਡੇ ਦੁਵੱਲੇ ਸਬੰਧਾਂ ’ਚ ਲਗਾਤਾਰ ਅਤੇ ਹਾਂ-ਪੱਖੀ ਪ੍ਰਗਤੀ ਹੋਈ ਹੈ ਅਤੇ ਹੁਣ ਮੈਂ ਸ਼ੰਘਾਈ ਸਹਿਯੋਗ ਸੰਗਠਨ ਸਿਖਰ ਸੰਮੇਲਨ ਲਈ ਤਿਆਨਜਿਨ ਜਾ ਰਿਹਾ ਹਾਂ।’’ ਉਨ੍ਹਾਂ ਕਿਹਾ ਕਿ ਭਾਰਤ ਆਪਸੀ ਸਨਮਾਨ, ਹਿੱਤ ਅਤੇ ਸੰਵੇਦਨਸ਼ੀਲਤਾ ਦੇ ਆਧਾਰ ’ਤੇ ਦੁਵੱਲੇ ਸਬੰਧਾਂ ਅਤੇ ਰਣਨੀਤਕ ਸੰਵਾਦ ਨੂੰ ਅੱਗੇ ਵਧਾਉਣ ਲਈ ਤਿਆਰ ਹੈ ਤਾਂ ਜੋ ਦੋਵੇਂ ਮੁਲਕਾਂ ਦੀਆਂ ਵਿਕਾਸ ਸਬੰਧੀ ਚੁਣੌਤੀਆਂ ਦਾ ਹੱਲ ਕੱਢਿਆ ਜਾ ਸਕੇ। ਜਪਾਨ ਸਰਕਾਰ ਵੱਲੋਂ ਖੁੱਲ੍ਹੇ ਅਤੇ ਮੁਕਤ ਹਿੰਦ-ਪ੍ਰਸ਼ਾਂਤ ਦੀ ਧਾਰਨਾ ਬਾਰੇ ਮੋਦੀ ਨੇ ਕਿਹਾ ਕਿ ਭਾਰਤ ਵੀ ਅਜਿਹੇ ਸ਼ਾਂਤਮਈ, ਖੁਸ਼ਹਾਲ ਅਤੇ ਸਥਿਰ ਹਿੰਦ-ਪ੍ਰਸ਼ਾਂਤ ਖ਼ਿੱਤੇ ਲਈ ਵਚਨਬੱਧ ਹੈ ਜਿਥੇ ਸਾਰੇ ਮੁਲਕਾਂ ਦੀ ਅਖੰਡਤਾ ਅਤੇ ਖੁਦਮੁਖਤਿਆਰੀ ਦਾ ਸਨਮਾਨ ਹੋਵੇ। ਰੂਸ ਅਤੇ ਯੂਕਰੇਨ ਦੇ ਰਾਸ਼ਟਰਪਤੀਆਂ ਨਾਲ ਹਾਲੀਆ ਗੱਲਬਾਤ ਬਾਰੇ ਮੋਦੀ ਨੇ ਕਿਹਾ ਕਿ ਭਾਰਤ ਨੇ ਇਸ ਸੰਘਰਸ਼ ਨੂੰ ਲੈ ਕੇ ਹਮੇਸ਼ਾ ਸਿਧਾਂਤਾਂ ਤੇ ਅਧਾਰਤ ਅਤੇ ਮਾਨਵੀ ਰੁਖ਼ ਅਪਣਾਇਆ ਹੈ ਜਿਸ ਦੀ ਵਲਾਦੀਮੀਰ ਪੂਤਿਨ ਅਤੇ ਵੋਲੋਦੀਮੀਰ ਜ਼ੇਲੈਂਸਕੀ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਮੁੱਦਾ ਕੂਟਨੀਤਕ ਅਤੇ ਵਾਰਤਾ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ