ਹੱਤਿਆ ਦੇ ਮਾਮਲੇ ’ਚ ਜਨਤਾ ਦਲ (ਯੂ) ਉਮੀਦਵਾਰ ਗ੍ਰਿਫ਼ਤਾਰ
ਜਨ ਸੁਰਾਜ ਪਾਰਟੀ ਦੇ ਸਮਰਥਕ ਦੁਲਾਰ ਚੰਦ ਯਾਦਵ ਦੀ ਹੱਤਿਆ ਦੇ ਮਾਮਲੇ ’ਚ ਪੁਲੀਸ ਨੇ ਬਿਹਾਰ ਦੇ ਸਾਬਕਾ ਵਿਧਾਇਕ ਅਤੇ ਮੋਕਾਮਾ ਸੀਟ ਤੋਂ ਜਨਤਾ ਦਲ (ਯੂ) ਦੇ ਉਮੀਦਵਾਰ ਅਨੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਯਾਦਵ ਦੀ ਜਨਤਾ ਦਲ (ਯੂ) ਆਗੂ ਦੇ ਸਮਰਥਕਾਂ ਨਾਲ ਝੜਪ ਹੋ ਗਈ ਸੀ ਜਿਸ ਮਗਰੋਂ ਅਨੰਤ ਸਿੰਘ ਪੁਲੀਸ ਦੇ ਰਡਾਰ ’ਤੇ ਸੀ। ਪੁਲੀਸ ਨੇ ਇਸ ਮਾਮਲੇ ’ਚ ਦੋ ਹੋਰ ਵਿਅਕਤੀਆਂ ਮਣੀਕਾਂਤ ਠਾਕੁਰ ਅਤੇ ਰਣਜੀਤ ਰਾਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਨੂੰ ਪਟਨਾ ਦੀ ਸੀ ਜੇ ਐੱਮ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ 14 ਦਿਨ ਲਈ ਬੇਊਰ ਜੇਲ੍ਹ ਭੇਜ ਦਿੱਤਾ ਗਿਆ। ਪਟਨਾ ਦੇ ਜ਼ਿਲ੍ਹਾ ਮੈਜਿਸਟਰੇਟ ਤਿਆਗਰਾਜਨ ਐੱਸ ਐੱਮ ਅਤੇ ਐੱਸ ਐੱਸ ਪੀ ਕਾਰਤੀਕੇਯ ਸ਼ਰਮਾ ਨੇ ਦੱਸਿਆ ਕਿ ਦੁਲਾਰ ਚੰਦ ਦੀ ਪੋਸਟਮਾਰਟਮ ਰਿਪੋਰਟ ਤੋਂ ਖ਼ੁਲਾਸਾ ਹੋਇਆ ਹੈ ਕਿ ਸੱਟਾਂ ਲੱਗਣ ਕਾਰਨ ਉਸ ਦੇ ਦਿਲ ਤੇ ਫੇਫੜਿਆਂ ਨੂੰ ਨੁਕਸਾਨ ਪਹੁੰਚਿਆ ਅਤੇ ਇਹ ਹੱਤਿਆ ਦਾ ਮਾਮਲਾ ਹੈ। ਜਾਂਚ ਤੋਂ ਇਹ ਵੀ ਖ਼ੁਲਾਸਾ ਹੋਇਆ ਕਿ ਘਟਨਾ ਸਮੇਂ ਤਿੰਨੋਂ ਮੁਲਜ਼ਮ ਉਥੇ ਹਾਜ਼ਰ ਸਨ। ਪੁਲੀਸ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਚਾਰ ਐੱਫ ਆਈ ਆਰ ਦਰਜ ਕੀਤੀਆਂ ਗਈਆਂ ਹਨ। ਅੰਨਤ ਸਿੰਘ ਦੀ ਪਤਨੀ ਨੀਲਮ ਦੇਵੀ, ਜੋ ਮੋਕਾਮਾ ਸੀਟ ਤੋਂ ਮੌਜੂਦਾ ਵਿਧਾਇਕ ਹੈ, ਖ਼ਿਲਾਫ਼ ਵੀ ਕੇਸ ਦਰਜ ਹੋਇਆ ਹੈ।
