ਜਨ ਸ਼ਤਾਬਦੀ ਐਕਸਪ੍ਰੈੱਸ ਮੁਰੰਮਤ ਅਧੀਨ ਟਰੈਕ ਵੱਲ ਮੋੜੀ, ਲੋਕੋ ਪਾਇਲਟ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਟਲਿਆ
ਆਗਰਾ ਰੇਲ ਡਿਵੀਜ਼ਨ ਨੇ ਮੰਗਲਵਾਰ ਨੂੰ ਇੱਕ ਸਟੇਸ਼ਨ ਮਾਸਟਰ ਅਤੇ ਇੱਕ ਟ੍ਰੈਫਿਕ ਕੰਟਰੋਲਰ ਨੂੰ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਦਿੱਲੀ ਜਾਣ ਵਾਲੀ ਜਨ ਸ਼ਤਾਬਦੀ ਐਕਸਪ੍ਰੈਸ ਨੂੰ ਮੁਰੰਮਤ ਅਧੀਨ ਟਰੈਕ 'ਤੇ ਮੋੜ ਦਿੱਤਾ, ਜਿਸ ਨਾਲ ਸੈਂਕੜੇ ਯਾਤਰੀਆਂ ਦੀ ਜਾਨ ਨੂੰ ਜੋਖ਼ਮ ਪੈਦਾ ਹੋ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਸੁਚੇਤ ਰੇਲ ਚਾਲਕ ਦਲ ਨੇ ਟਰੈਕ ਰੱਖ-ਰਖਾਅ ਸਟਾਫ ਵੱਲੋਂ ਲਗਾਏ ਗਏ ਲਾਲ ਝੰਡੇ ਨੂੰ ਦੇਖਿਆ ਅਤੇ ਐਮਰਜੈਂਸੀ ਬ੍ਰੇਕ ਲਗਾ ਕੇ ਰੇਲਗੱਡੀ ਨੂੰ ਮੁਰੰਮਤ ਅਧੀਨ ਟਰੈਕ ਦੇ ਹਿੱਸੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ।
ਡਿਵੀਜ਼ਨਲ ਆਪ੍ਰੇਸ਼ਨਲ ਮੈਨੇਜਰ ਅਤੇ ਡਿਵੀਜ਼ਨ ਦੇ ਅਧਿਕਾਰਤ ਬੁਲਾਰੇ ਪ੍ਰਸ਼ੋਤੀ ਸ਼੍ਰੀਵਾਸਤਵ ਨੇ ਕਿਹਾ ਕਿ ਦੋ ਕਰਮਚਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ।
ਸ਼੍ਰੀਵਾਸਤਵ ਨੇ ਸੰਪਰਕ ਕੀਤੇ ਜਾਣ 'ਤੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਦੋ ਕਰਮਚਾਰੀਆਂ ਵੱਲੋਂ ਮਾੜੀ ਸੰਚਾਲਨ ਯੋਜਨਾਬੰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਅਨੁਸ਼ਾਸਨੀ ਕਾਰਵਾਈ ਵਜੋਂ, ਉਨ੍ਹਾਂ ਨੂੰ ਅਗਲੀ ਜਾਂਚ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।’’
ਸੂਤਰਾਂ ਅਨੁਸਾਰ ਮੰਗਲਵਾਰ ਸਵੇਰੇ 10:30 ਤੋਂ 11:00 ਵਜੇ ਦੇ ਦਰਮਿਆਨ ਇੱਕ ਯਾਤਰੀ ਨੇ ਸਿਹਤ ਸਮੱਸਿਆ ਦੀ ਰਿਪੋਰਟ ਕੀਤੀ, ਜਿਸ ਕਾਰਨ ਰੇਲ ਟਿਕਟ ਜਾਂਚਕਰਤਾ ਨੇ ਛਾਤਾ ਸਟੇਸ਼ਨ ’ਤੇ ਰੇਲਗੱਡੀ ਨੂੰ ਰੋਕਣ ਦੀ ਬੇਨਤੀ ਦੇ ਨਾਲ ਆਗਰਾ ਕੰਟਰੋਲ ਰੂਮ ਨਾਲ ਸੰਪਰਕ ਕੀਤਾ।
ਸੂਤਰ ਨੇ ਕਿਹਾ, ‘‘ਜਦੋਂ ਰੇਲਗੱਡੀ ਛਾਤਾ ਸਟੇਸ਼ਨ ਤੋਂ ਲੰਘ ਗਈ, ਕਿਉਂਕਿ ਜ਼ਰੂਰੀ ਨਿਰਦੇਸ਼ ਸਮੇਂ ਸਿਰ ਲੋਕੋ ਪਾਇਲਟ ਤੱਕ ਨਹੀਂ ਪਹੁੰਚੇ ਸਨ, ਤਾਂ ਟੀਟੀਈ ਨੇ ਦੁਬਾਰਾ ਕੰਟਰੋਲਰ ਨਾਲ ਸੰਪਰਕ ਕੀਤਾ ਤੇ ਯਾਤਰੀ ਨੂੰ ਅਗਲੇ ਸਟੇਸ਼ਨ ਕੋਸੀ ’ਤੇ ਉਤਾਰਨ ਦੀ ਬੇਨਤੀ ਕੀਤੀ, ਕਿਉਂਕਿ ਉਸ ਦੀ ਡਾਕਟਰੀ ਹਾਲਤ ਹੋਰ ਵਿਗੜ ਗਈ ਸੀ।’’
ਸੂਤਰ ਨੇ ਕਿਹਾ, ‘‘"ਜਦੋਂ ਰੇਲਗੱਡੀ ਕੋਸੀ ’ਤੇ ਨਹੀਂ ਰੁਕੀ, ਤਾਂ ਇਸ ਵਿੱਚ ਮੌਜੂਦ ਸਟਾਫ ਨੇ ਇੱਕ ਹੋਰ ਬੇਨਤੀ ਕੀਤੀ, ਜਿਸ ਤੋਂ ਬਾਅਦ ਇਸ ਨੂੰ ਹੋਡਲ ’ਤੇ ਰੋਕਣ ਦਾ ਫੈਸਲਾ ਕੀਤਾ ਗਿਆ। ਹਾਲਾਂਕਿ, ਸਟੇਸ਼ਨ ਮਾਸਟਰ ਨੇ ਜਲਦਬਾਜ਼ੀ ਵਿੱਚ ਸੁਰੱਖਿਆ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਟ੍ਰੇਨ ਨੂੰ ਇੱਕ ਲੂਪ ਲਾਈਨ 'ਤੇ ਮੋੜਨ ਲਈ ਪੁਆਇੰਟ ਨਿਰਧਾਰਤ ਕੀਤਾ ਜਿਸ ਦਾ ਰੱਖ-ਰਖਾਅ ਚੱਲ ਰਿਹਾ ਸੀ।’’
ਘਟਨਾ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਟਰੈਕ ਰੱਖ-ਰਖਾਅ ਕਰਨ ਵਾਲਿਆਂ ਨੇ ਲੂਪ ਲਾਈਨ ਸ਼ੁਰੂ ਹੋਣ ਤੋਂ ਪਹਿਲਾਂ ਸਾਵਧਾਨੀ ਵਜੋਂ ਲਾਲ ਝੰਡਾ ਲਗਾਇਆ ਸੀ, ਅਤੇ ਸੁਚੇਤ ਰੇਲ ਚਾਲਕ ਦਲ ਨੇ ਤੁਰੰਤ ਇਸ ਨੂੰ ਰੋਕਣ ਲਈ ਬ੍ਰੇਕ ਲਗਾਈ। ਲੋਕੋ ਪਾਇਲਟ ਨੇ ਜੇ ਰੇਲਗੱਡੀ ਨੂੰ ਰੋਕਣ ਲਈ ਸਮਝਦਾਰੀ ਨਾ ਦਿਖਾਈ ਹੁੰਦੀ ਤਾਂ ਇਹ ਇੱਕ ਵੱਡਾ ਹਾਦਸਾ ਹੋ ਸਕਦਾ ਸੀ। ਡਿਵੀਜ਼ਨ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਹੇਠਲੇ ਪੱਧਰ ਦੇ ਅਧਿਕਾਰੀਆਂ ਤੋਂ ਇਲਾਵਾ ਸੀਨੀਅਰ ਰੇਲਵੇ ਅਧਿਕਾਰੀਆਂ ਨੂੰ ਵੀ ਅਜਿਹੀਆਂ ਗੰਭੀਰ ਸੁਰੱਖਿਆ ਗਲਤੀਆਂ ਲਈ ਖਿਚਿਆ ਜਾਣਾ ਚਾਹੀਦਾ ਹੈ।’’